ਭੁਲੱਥ, 9 ਜੂਨ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨੀ ਮੁੱਦਿਆਂ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਆਮ ਜਨਤਾ ਦਾ ਗਲਾ ਘੁੱਟਣ ਤੇ ਉਤਰ ਆਈ ਹੈ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲਗਾਤਾਰ ਵੱਧ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਗ਼ਰੀਬ ਮਜ਼ਦੂਰ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ | ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਇਕ ਜ਼ਰੂਰੀ ਚੀਜ਼ ਦਾ ਭਾਅ ਵਧਣਾ ਲਗਭਗ ਤੈਅ ਹੈ, ਜਿਸ ਨਾਲ ਗ਼ਰੀਬ ਤਬਕੇ ਦਾ ਜਿਊਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ | ਹੁਣ ਇਹ ਵੀ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਵਧਾਈਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਗੈਸ ਸਲੰਡਰ ਦੀਆਂ ਕੀਮਤਾਂ ਘਟਾਈਆਂ ਜਾਣ | ਉਨ੍ਹਾਂ ਕਿਹਾ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਯੋਜਨਾ ਦੇ ਲਾਭਪਾਤਰੀਆਂ ਲਈ 300 ਰੁਪਏ ਪ੍ਰਤੀ ਡੀਜ਼ਲ ਦੀ ਭਵਿੱਖ ਦੀਆਂ ਯੋਜਨਾਵਾਂ ਲਈ ਕੋਈ ਠੋਸ ਨੀਤੀ ਨਹੀਂ ਬਣਾਉਂਦੀ ਤੇ ਹਰ ਵਾਰ ਕੀਮਤਾਂ ਦਾ ਭਾਰ ਸਿੱਧਾ ਜਨਤਾ ਤੇ ਪਾ ਦਿੰਦੀ ਹੈ | ਅਮੀਰ ਲਈ ਤਾਂ ਇਹ ਮਾਮੂਲੀ ਵਾਧਾ ਹੈ, ਪਰ ਆਮ ਮਜ਼ਦੂਰ ਤੇ ਗ਼ਰੀਬ ਤਬਕੇ ਲਈ ਇਹ ਘਰੇਲੂ ਬਜਟ ਤੇ ਬਹੁਤ ਵੱਡਾ ਝਟਕਾ ਹੈ | ਤਿੰਨ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਕਿ ਜਦੋਂ ਘਰੇਲੂ ਗੈਸ ਸਲੰਡਰ ਦੀਆਂ ਕੀਮਤਾਂ ਚ 60 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਸਲੰਡਰ ਦੀਆਂ ਕੀਮਤਾਂ ਚ 90 ਦਾ ਵਾਧਾ ਹੋ ਗਿਆ ਹੈ | ਇਸ ਮੌਕੇ ਤੇ ਸੁਖਜਿੰਦਰ ਸਿੰਘ ਪੰਡੋਰੀ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੀਤ ਪ੍ਰਧਾਨ, ਚੰਗਾ ਸਿੰਘ, ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ, ਗੁਰਜੀਤ ਸਿੰਘ ਸਰਪੰਚ ਸੁਰਖਾਂ, ਸੁਖਵਿੰਦਰ ਸਿੰਘ ਠੇਕੇਦਾਰ ਸ਼ੇਰ ਸਿੰਘ ਵਾਲਾ, ਜਸਵਿੰਦਰ ਸਿੰਘ ਰਾਮਗੜ, ਬਲਦੇਵ ਸਿੰਘ ਪੰਡੋਰੀ ਅਰਾਈਆਂ, ਬਲਦੇਵ ਸਿੰਘ ਢਿੱਲੋਂ ਪੰਡੋਰੀ, ਸਤਪਾਲ ਸਿੰਘ ਮੰਡ ਪੰਡੋਰੀ, ਮਾਇਆ ਸਿੰਘ ਪੰਡੋਰੀ, ਕੁਲਵੰਤ ਸਿੰਘ ਪੰਡੋਰੀ ਹਾਜ਼ਰ ਸਨ |