ਫਗਵਾੜਾ, 20 ਜੁਲਾਈ (ਹਰਜੋਤ ਸਿੰਘ ਚਾਨਾ)-ਮੁਫ਼ਤ ਕਾਨੂੰਨੀ ਸਹਾਇਤਾ ਨਾਲ ਸਬੰਧਿਤ ਲੀਗਲ ਏਡ ਡਿਫੈਂਸ ਕੌਂਸਲ (ਐਲ.ਏ.ਡੀ.ਸੀ.) ਨੀਤੀ ਦੇ ਵਿਰੋਧ ‘ਚ ਬਾਰ ਐਸੋਸੀਏਸ਼ਨ ਫਗਵਾੜਾ ਵੱਲੋਂ 7 ਜੁਲਾਈ ਤੋਂ ਸ਼ੁਰੂ ਕੀਤੀ ਗਈ ਹੜਤਾਲ ਅੱਜ 14ਵੇਂ ਦਿਨ ਵੀ ਜਾਰੀ ਰਹੀ | ਹੜਤਾਲ ਕਾਰਨ ਕੋਰਟ ਕੰਪਲੈਕਸ ‘ਚ ਰੋਜ਼ਾਨਾ ਦਾ ਕੰਮਕਾਜ ਪ੍ਰਭਾਵਿਤ ਰਿਹਾ ਤੇ ਵਕੀਲਾਂ ਨੇ ਅਦਾਲਤੀ ਕਾਰਵਾਈ ਤੋਂ ਦੂਰ ਰਹਿ ਕੇ ਆਪਣਾ ਰੋਸ ਪ੍ਰਗਟਾਇਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਵਿੰਦਰ ਸ਼ਰਮਾ (ਨੀਟਾ) ਤੇ ਮੀਤ ਪ੍ਰਧਾਨ ਐਡਵੋਕੇਟ ਰੋਹਿਤ ਸ਼ਰਮਾ ਨੇ ਕਿਹਾ ਕਿ ਐਲ.ਏ.ਡੀ.ਸੀ. ਨੀਤੀ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਵਿਰੁੱਧ ਹੈ ਤੇ ਇਸ ਨਾਲ ਰਵਾਇਤੀ ਵਕਾਲਤੀ ਪ੍ਰਣਾਲੀ ਪ੍ਰਭਾਵਿਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੇ ਸਾਂਝੇ ਫ਼ੈਸਲੇ ਅਨੁਸਾਰ ਫਗਵਾੜਾ ਬਾਰ ਵੀ ਪੂਰੀ ਏਕਤਾ ਨਾਲ ਸੰਘਰਸ਼ ਕਰ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ (ਨਾਲਸਾ) ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਜਸਟਿਸ ਵਿਨੋਦ ਭਾਰਦਵਾਜ ਦੀ ਅਗਵਾਈ ਹੇਠ ਬਣਾਈ ਜੱਜਾਂ ਦੀ ਚਾਰ ਮੈਂਬਰੀ ਕਮੇਟੀ ਨੇ ਮੰਗਲਵਾਰ ਸ਼ਾਮ ਤੱਕ ਕੋਈ ਸੰਕੇਤ ਨਹੀਂ ਦਿੱਤਾ ਤਾਂ ਪੰਜਾਬ ਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਹਿਮਤੀ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਸੰਜੀਵ ਅਗਨੀਹੋਤਰੀ, ਹਰਪ੍ਰੀਤ ਕੌਰ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਸੰਜੀਵ ਦੁਸਾਂਝ, ਵਿਸ਼ਾਲ ਕੌਲ, ਰਾਜੀਵ ਸ਼ਰਮਾ, ਕੁਲਦੀਪ ਕੁਮਾਰ, ਲਖਵਿੰਦਰ ਸਿੰਘ, ਰਿੰਪੀ ਗਿੱਲ, ਰੀਨਾ ਰਾਣੀ, ਜਰਨੈਲ ਸਿੰਘ ਢੀਂਡਸਾ, ਜਤਿੰਦਰ ਠਾਕੁਰ, ਜੋਗਿੰਦਰ ਸਿੰਘ ਕੈਂਥ, ਰੇਨੂੰ ਕੁਮਾਰੀ, ਧਨਦੀਪ ਕੌਰ ਆਦਿ ਹਾਜ਼ਰ ਸਨ |