‘ ਵਨਨੈੱਸ ਵਨ’ ਮੁਹਿੰਮ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਨੇ ਸ਼ਾਲਾਮਾਰ ਬਾਗ ’ਚ ਬੂਟੇ ਲਗਾਏ
ਮਿਸ਼ਨ ਵਲੋਂ ਲਾਏ ਬੂਟਿਆਂ ਦੀ 3 ਤੋਂ 5 ਸਾਲ ਤੱਕ ਦੇਖ ਰੇਖ ਕੀਤੀ ਜਾਵੇਗੀ-ਗੁਲਸ਼ਨ ਲਾਲ ਅਹੂਜਾ ਕਪੂਰਥਲਾ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਵਾਤਾਵਰਣ ਦੀ ਸ਼ੁੱਧਤਾ ਤੇ ਸੰਤੁਲਨ ਬਣਾਈ ਰੱਖਣ ਦੇ ਮਨੋਰਥ ਨਾਲ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਕਪੂਰਥਲਾ ਦੇ ਸ਼ਰਧਾਲੂਆਂ ਵਲੋਂ ‘ਵਨਨੈੱਸ ਵਨ’ ਮੁਹਿੰਮ ਤਹਿਤ ਸਥਾਨਕ ਸ਼ਾਲਾਮਾਰ ਬਾਗ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਲਸ਼ਨ ਲਾਲ ਅਹੂਜਾ ਇੰਚਾਰਜ ਸੰਤ ਨਿਰੰਕਾਰੀ ਮਿਸ਼ਨ ਜ਼ੋਨ ਕਪੂਰਥਲਾ ਤੇ ਖੇਤਰੀ ਸੰਚਾਲਕ ਡਾ. ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਤੇ ਨਿਰੰਕਾਰੀ ਰਾਜ ਪਿਤਾ ਰਮਿਤ ਦੇ ਆਸ਼ੀਰਵਾਦ ਨਾਲ ਅਗਸਤ 2021 ਵਿਚ ਮਿਸ਼ਨ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਸ ਮੁਹਿੰਮ ਤਹਿਤ ਹੁਣ ਤੱਕ ਵੱਖ-ਵੱਖ ਰਾਜਾਂ ਵਿਚ 350 ਮਿੰਨੀ ਜੰਗਲ ਬਣਾਏ ਗਏ ਹਨ | ਜਦਕਿ 600 ਤੋਂ ਵੱਧ ‘ਵਨਨੈੱਸ ਵਨ’ ਸਥਾਨਾਂ ‘ਤੇ ਸ਼ਰਧਾਲੂ ਸੇਵਾ ਭਾਵਨਾ ਨਾਲ ਇਨ੍ਹਾਂ ਰੁੱਖਾਂ ਦੀ ਸੰਭਾਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕੇਵਲ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਸਗੋਂ ਸਮਾਜ ਵਿਚ ਕੁਦਰਤ ਪ੍ਰਤੀ ਜਾਗਰੂਕਤਾ, ਸੰਵੇਦਨਸ਼ੀਲਤਾ ਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਤੇ ਸਾਂਝੀ ਭਾਗੀਦਾਰੀ ਦੇ ਸਭਿਆਚਾਰ ਨੂੰ ਮਜ਼ਬੂਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਮਿਸ਼ਨ ਵਲੋਂ ਸ਼ਾਲਾਮਾਰ ਬਾਗ ਵਿਚ ਮਿੰਨੀ ਜੰਗਲ ਲਗਾਇਆ ਗਿਆ ਸੀ ਤੇ ਹੁਣ ਬਹੁਤ ਸਾਰੇ ਬੂਟੇ ਵੱਡੇ ਰੁੱਖ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੱਜ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਮਿਸ਼ਨ ਨਾਲ ਸਬੰਧਿਤ ਸੇਵਾਦਾਰਾਂ ਵਲੋਂ ਰੁੱਖਾਂ ਵਾਲੇ ਥਾਂ ਦੀ ਸਫ਼ਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮਿਸ਼ਨ ਵਲੋਂ ਹਰ ਪੌਦੇ ਦੀ 3 ਤੋਂ ਲੈ ਕੇ 5 ਸਾਲ ਲਗਾਤਾਰ ਦੇਖਭਾਲ ਕੀਤੀ ਜਾਵੇਗੀ ਤਾਂ ਜੋ ਉਹ ਵਿਕਸਿਤ ਹੋ ਕੇ ਘਣੇ ਜੰਗਲਾ ਦਾ ਰੂਪ ਲੈ ਸਕਣ, ਜੈਵਿਕ ਵਿਭਿੰਨਤਾ ਨੂੰ ਅਮੀਰ ਬਣਾਉਣ ਤੇ ਆਉਣ ਵਾਲੀਆਂ ਪੀੜੀਆਂ ਨੂੰ ਹਰਿਆ ਭਰਿਆ ਵਾਤਾਵਰਨ ਪ੍ਰਦਾਨ ਕਰ ਸਕਣ |