ਡਰੱਗ ਇੰਸਪੈਕਟਰ ਨੂੰ ਬੰਦੀ ਬਣਾਉਣ ਤੇ ਗਾਲੀ ਗਲੋਚ ਕਰਨ ’ਤੇ ਕਿਸਾਨ ਆਗੂ ਸਮੇਤ 8 ਖ਼ਿਲਾਫ਼ ਮਾਮਲਾ ਦਰਜ
ਹਰੀਕੇ ਪੱਤਣ, 8 ਮਈ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਵਿਖੇ ਕਲੀਨਿਕ ਦੀ ਚੈਕਿੰਗ ਲਈ ਗਏ ਜ਼ਿਲ੍ਹਾ ਤਰਨਤਾਰਨ ਦੇ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਬੰਦੀ ਬਣਾਉਣ ਤੇ ਗਾਲੀ ਗਲੋਚ ਕਰਨ ’ਤੇ ਹਰੀਕੇ ਪੁਲਿਸ ਨੇ ਮੈਡੀਕਲ ਸਟੋਰ ਮਾਲਕ ਜੋ ਕਿ ਕਿਸਾਨ ਜਥੇਬੰਦੀ ਦਾ ਆਗੂ ਹੈ, ਸਮੇਤ 7 ਵਿਅਕਤੀਆਂ ’ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਸ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਥਾਣਾ ਹਰੀਕੇ ਪੱਤਣ ਅੱਗੇ ਦੇਰ ਰਾਤ ਧਰਨਾ ਲਗਾ ਦਿੱਤਾ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ। ਅੱਜ ਤੜਕੇ ਪੁਲਿਸ ਨੇ ਧਰਨੇ ’ਤੇ ਬੈਠੇ ਮੈਡੀਕਲ ਸਟੋਰ ਮਾਲਕ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਹਰੀਕੇ ਪੱਤਣ ਅੱਗੇ ਇਕੱਤਰ ਹੋਏ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਤੇ ਗਿ੍ਫ਼ਤਾਰ ਆਗੂਆਂ ਨੂੰ ਤੁਰੰਤ ਛੱਡੇ ਜਾਣ ਦੀ ਮੰਗ ਕਰ ਰਹੇ ਹਨ। ਥਾਣਾ ਹਰੀਕੇ ਪੱਤਣ ਵਿਖੇ ਵੱਡੀ ਗਿਣਤੀ ’ਚ ਪੁਲਿਸ ਫ਼ੋਰਸ ਤਾਇਨਾਤ ਹੈ।