ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ

ਅਟਾਰੀ, 8 ਜੂਨ (ਗੁਰਦੀਪ ਸਿੰਘ ਅਟਾਰੀ)- ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ। ਜਥੇ ਦੀ ਅਗਵਾਈ ਕਰ ਰਹੇ ਭਾਈ ਜੰਗ ਸਿੰਘ ਨੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 10 ਦਿਨ ਦਾ ਵੀਜ਼ਾ ਹੈ ਅਤੇ ਉਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਦਿਹਾੜਾ ਮਨਾਉਣ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਵੀ ਜਾਣਗੇ। ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਜਥੇ ਨੂੰ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ।