ਸ੍ਰੀ ਗੁਰੂ ਰਵਿਦਾਸ ਟੈਂਪਲ ਵੈਰੋਨਾ (ਇਟਲੀ) ਦਾ 14 ਵਾਂ ਸਥਾਪਨਾ ਦਿਵਸ ਮਨਾਇਆ
ਵੈਨਿਸ, ਇਟਲੀ, 26 ਸਤੰਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਸ਼ਹਿਰ ਵੈਰੋਨਾ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਵੈਰੋਨਾ ਦੀ ਆਰੰਭਤਾ ਦੇ 14 ਸਾਲ ਪੂਰੇ ਹੋ ਜਾਣ ’ਤੇ ਇਲਾਕੇ ਦੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹਪੂਰਵਕ ਢੰਗ ਦੇ ਨਾਲ ਸਮਾਗਮ ਕਰਵਾ ਕੇ ਗੁਰੂ ਘਰ ਦਾ 14 ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਗਮ ਦੀ ਆਰੰਭਤਾ ਹੋਈ। ਭਾਈ ਅਨਿੰਦਰ ਸਿੰਘ ਬੇਰਗਾਮੋ ਅਤੇ ਹੈਡ ਗ੍ਰੰਥੀ ਭਾਈ ਰਣਧੀਰ ਸਿੰਘ ਜੀ ਦੇ ਕੀਰਤਨੀ ਜਥੇ ਦੁਆਰਾ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਦੁਆਰਾ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਸਮੁੱਚੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਵਿਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਪਹੁੰਚੀਆਂ ਸ਼ਖਸੀਅਤਾਂ ਦਾ ਸਿਰੋਪਾ ਸਾਹਿਬ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।