ਪਟਨਾ ਸਾਹਿਬ ਵਿਖੇ ਮਾਲ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣਾ ਸਿੱਖ ਸਿਧਾਂਤਾਂ ਦੇ ਵਿਰੁੱਧ - ਐਡਵੋਕੇਟ ਧਾਮੀ

ਅੰਮ੍ਰਿਤਸਰ, 7 ਜੂਨ (ਜਸਵੰਤ ਸਿੰਘ ਜੱਸ )- ਪਟਨਾ ਸਾਹਿਬ ਵਿਖੇ ਅੰਬੂਜਾ ਮਾਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਦੀ ਕਾਰਵਾਈ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ । ਸਿੱਖੀ ਅੰਦਰ ਬੁੱਤ ਪ੍ਰਸਤੀ ਨੂੰ ਕੋਈ ਥਾਂ ਨਹੀਂ ਹੈ ਅਤੇ ਗੁਰੂ ਸਾਹਿਬ ਜੀ ਦੇ ਬੁੱਤ ਦੀ ਪੇਸ਼ਕਾਰੀ ਕਰਕੇ ਸਿੱਖ ਮਾਨਸਿਕਤਾ ਨੂੰ ਸੱਟ ਮਾਰੀ ਗਈ ਹੈ । ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਇਕ ਬਿਆਨ ਵਿਚ ਕੀਤਾ । ਉਨ੍ਹਾਂ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਬੁੱਤ ਲਗਾਉਣ ਦੀ ਨਿੰਦਾ ਕਰਦਿਆਂ ਆਖਿਆ ਕਿ ਇਸ ਦੀ ਜਾਂਚ ਰਿਪੋਰਟ ਲਈ ਜਾਵੇਗੀ । ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਿੱਖ ਸਿਧਾਂਤਾਂ ਦੇ ਵਿਰੁਧ ਕਾਰਵਾਈ ਕਰਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਅਧਿਕਾਰ ਨਹੀਂ ਹੈ । ਇਹ ਹਰਕਤ ਸਿੱਖ ਸਿਧਾਤਾਂ ਅਤੇ ਪ੍ਰੰਪਰਾਵਾਂ ਨੂੰ ਰਲਗੱਡ ਕਰਨ ਵਾਲੀ ਹੈ । ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ’ਤੇ ਤਖ਼ਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੁਕੰਮਲ ਪੜਤਾਲ ਕਰੇ ਅਤੇ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜੇ ਤਾਂ ਜੋ ਇਹ ਹਰਕਤ ਕਰਨ ਵਾਲਿਆਂ ਦੀ ਜਵਾਬ-ਤਲਬੀ ਕੀਤੀ ਜਾ ਸਕੇ ।