ਘੁਮਾਣ ਦੇ ਨਜ਼ਦੀਕ ਪਿੰਡ ਚੋਣੇ ਵਿਖੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਘੁਮਾਣ, 8 ਜੂਨ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਚੋਣੇ ਵਿਖੇ ਰਾਤ 12 ਵਜੇ ਦੇ ਕਰੀਬ ਕੁਝ ਲੋਕਾਂ ਵਲੋਂ ਘਰ 'ਚ ਸੁੱਤੇ ਪਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਹਰਭਜਨ ਸਿੰਘ (55) ਪੁੱਤਰ ਮੱਖਣ ਸਿੰਘ ਪਿੰਡ ਚੋਣੇ ਦੇ ਭਰਾ ਸੰਤੋਖ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਜੋ ਆਪਣੇ ਘਰ ਦੇ ਬਰਾਂਡੇ 'ਚ ਸੁੱਤਾ ਸੀ। ਮੇਰੇ ਭਰਾ ਦਾ ਘਰ ਏਨੋਕੋਟ ਸੂਏ 'ਤੇ ਸੜਕ ਦੇ ਬਿਲਕੁਲ ਉਪਰ ਹੈ। ਰਾਤ 12 ਵਜੇ ਜਦੋਂ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਮੇਰਾ ਭਰਾ ਮੰਜੇ ਤੋਂ ਉੱਠ ਕੇ ਬੈਠ ਗਿਆ। ਹਮਲਾਵਰਾਂ ਵਲੋਂ ਲਗਾਤਾਰ 7 ਗੋਲੀਆਂ ਘਰ ਦੇ ਮੇਨ ਗੇਟ 'ਚ ਮਾਰੀਆਂ ਗਈਆਂ, ਜਿਨ੍ਹਾਂ 'ਚੋਂ ਗੋਲੀ ਮੇਰੇ ਭਰਾ ਦੇ ਵਜ ਗਈ ਹਮਲਾਵਰ ਗੋਲੀਆਂ ਚਲਾ ਕੇ ਭੱਜ ਗਏ। ਮੇਰੇ ਭਰਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਘੁਮਾਣ ਦੇ ਮੁਖੀ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਘਟਨਾ ਸਥਾਨ 'ਤੇ
ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਕਤਲ ਕਰਨ ਵਾਲੇ ਜਲਦ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ।