ਪ੍ਰਮੁੱਖ ਖ਼ਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਲਈ ਇਕ ਭਾਰਤੀ ਸਰਕਾਰੀ ਅਧਿਕਾਰੀ ’ਤੇ ਲੱਗੇ ਦੋਸ਼
ਸੈਕਰਾਮੈਂਟੋ, 30 ਨਵੰਬਰ (ਹੁਸਨ ਲੜੋਆ ਬੰਗਾ)- ਪ੍ਰਮੁੱਖ ਖਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਲਈ ਇਕ ਭਾਰਤੀ ਸਰਕਾਰੀ ਅਧਿਕਾਰੀ ਉੱਪਰ ਦੋਸ਼ ਲੱਗੇ ਹਨ। ਸਰਕਾਰੀ ਤੌਰ ’ਤੇ ਇਹ ਕਿਹਾ ਗਿਆ ਹੈ ਕਿ ਪਨੂੰ ਨੂੰ ਮਾਰਨ ਲਈ 100,000 ਡਾਲਰ ਦੇਣ ਲਈ ਗੱਲਬਾਤ ਕੀਤੀ ਗਈ ਸੀ। ਇਹ ਖ਼ੁਲਾਸਾ ਅਮਰੀਕੀ ਅਧਿਕਾਰੀਆਂ ਨੇ ਬੀਤੇ ਦਿਨ ਇਕ ਬਿਆਨ ’ਚ ਕੀਤਾ। ਅਮਰੀਕੀ ਅਧਿਕਾਰੀਆਂ ਨੇ ਇਕ ਭਾਰਤੀ ਵਿਅਕਤੀ ਨਿਖਿਲ ਗੁਪਤਾ ’ਤੇ ਖ਼ਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ ’ਤੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਇਹ ਬਿਆਨ ਭਾਰਤ ਵਲੋਂ ਹਾਲ ਹੀ ਵਿਚ ਹੋਈ ਦੁਵੱਲੀ ਮੀਟਿੰਗ ਦੌਰਾਨ ਅਮਰੀਕਾ ਵਲੋਂ ਸਾਂਝੀਆਂ ਕੀਤੀਆਂ ਗਈਆਂ ਸੁਰੱਖਿਆ ਚਿੰਤਾਵਾਂ ਵਿਚ ਉੱਚ ਪੱਧਰੀ ਜਾਂਚ ਕਮੇਟੀ ਦੇ ਗਠਨ ਕਰਨ ਦਾ ਐਲਾਨ ਕਰਨ ਤੋਂ ਕੁਝ ਘੰਟੇ ਬਾਅਦ ਆਇਆ ਹੈ। ਨਿਖਿਲ ਨੂੰ ਜੂਨ ਵਿਚ ਚੈੱਕ ਗਣਰਾਜ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ। ਮੈਨਹਟਨ ਵਿਚ ਚੋਟੀ ਦੇ ਫ਼ੈਡਰਲ ਵਕੀਲ ਡੈਮੀਅਨ ਵਿਲੀਅਮਜ਼ ਦੇ ਬਿਆਨ ਅਨੁਸਾਰ ਮੁਲਜ਼ਮ ਨੇ ਭਾਰਤ ਤੋਂ ਹੀ ਕਤਲ ਕਰਨ ਦੀ ਸਾਜ਼ਿਸ਼ ਰਚੀ, ਇੱਥੇ ਨਿਊਯਾਰਕ ਸਿਟੀ ਵਿਚ, ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ, ਜਿਸ ਨੇ ਜਨਤਕ ਤੌਰ ’ਤੇ ਸਿੱਖਾਂ ਲਈ ਇਕ ਪ੍ਰਭੂਸੱਤਾ ਸੰਪੰਨ ਰਾਜ ਖ਼ਾਲਿਸਤਾਨ ਦੀ ਸਥਾਪਨਾ ਦੀ ਵਕਾਲਤ ਕੀਤੀ ਹੈ। ਇਹ ਦੋਸ਼ ਪਿਛਲੇ ਹਫ਼ਤੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦੇ ਕਹਿਣ ਤੋਂ ਬਾਅਦ ਆਏ ਹਨ ਕਿ ਯੂ.ਐਸ. ਅਧਿਕਾਰੀਆਂ ਨੇ ਅਮਰੀਕਾ ਵਿਚ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਨਵੀਂ ਦਿੱਲੀ ਵਿਚ ਸਰਕਾਰ ਦੀਆਂ ਚਿੰਤਾਵਾਂ ਨੂੰ ਲੈ ਕੇ ਭਾਰਤ ਨੂੰ ਚਿਤਾਵਨੀ ਜਾਰੀ ਕੀਤੀ ਸੀ।