ਸਰਕਾਰ ਹਰ ਪੱਧਰ ’ਤੇ ਖ਼ਿਡਾਰੀਆਂ ਦੀ ਕਰ ਰਹੀ ਮਦਦ- ਪ੍ਰਧਾਨ ਮੰਤਰੀ
ਲਖਨਊ, 23 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਖ਼ੇਡਾਂ ਵਿੱਚ ਜੋ ਸਫ਼ਲਤਾ ਦੇਖ ਰਿਹਾ ਹੈ, ਉਹ ਖ਼ੇਡਾਂ ਪ੍ਰਤੀ ਨਜ਼ਰੀਏ ਵਿਚ ਬਦਲਾਅ ਦਾ ਸਬੂਤ ਹੈ। ਸਰਕਾਰ ਹਰ ਪੱਧਰ ’ਤੇ ਖਿਡਾਰੀਆਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਂ ਅਜਿਹੇ ਦਿਨ ਕਾਸ਼ੀ ਆਇਆ ਹਾਂ ਜਦੋਂ ਭਾਰਤ ਦਾ ਚੰਦਰਮਾ ਦੇ ਸ਼ਿਵ ਸ਼ਕਤੀ ਬਿੰਦੂ ਦੇ ਪਹੁੰਚਣ ਦਾ ਇਕ ਮਹੀਨਾ ਪੂਰਾ ਹੋ ਗਿਆ ਹੈ। ਸ਼ਿਵ ਸ਼ਕਤੀ ਦਾ ਅਰਥ ਹੈ ਉਹ ਥਾਂ ਜਿੱਥੇ ਸਾਡਾ ਚੰਦਰਯਾਨ ਪਿਛਲੇ ਮਹੀਨੇ ਦੀ 23 ਤਾਰੀਖ ਨੂੰ ਉਤਰਿਆ ਸੀ। ਸ਼ਿਵ ਸ਼ਕਤੀ ਦਾ ਇਕ ਸਥਾਨ ਚੰਦਰਮਾ ਉੱਤੇ ਹੈ ਅਤੇ ਦੂਜਾ ਸਥਾਨ ਮੇਰੀ ਕਾਸ਼ੀ ਵਿਚ ਹੈ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਾਰਾਣਸੀ ਵਿਚ ਅੱਜ ਇਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਸਟੇਡੀਅਮ ਨਾ ਸਿਰਫ਼ ਵਾਰਾਣਸੀ ਬਲਕਿ ਪੂਰਵਾਂਚਲ ਦੇ ਨੌਜਵਾਨਾਂ ਲਈ ਵੀ ਵਰਦਾਨ ਸਾਬਤ ਹੋਵੇਗਾ। ਜਦੋਂ ਇਹ ਸਟੇਡੀਅਮ ਤਿਆਰ ਹੋ ਜਾਵੇਗਾ ਤਾਂ 30,000 ਤੋਂ ਵੱਧ ਲੋਕ ਇਕੱਠੇ ਬੈਠ ਕੇ ਮੈਚ ਦੇਖ ਸਕਣਗੇ।