ਪਾਕਿਸਤਾਨ ਤੋਂ ਭਾਰਤੀ ਖ਼ੇਤਰ ਵਿਚ ਆਏ ਡਰੋਨ ਨੂੰ ਪੁਲਿਸ ਅਤੇ ਬੀ.ਐਸ.ਐਫ਼. ਨੇ ਕੀਤਾ ਬਰਾਮਦ
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ / ਰਜਿੰਦਰ ਸਿੰਘ ਰੂਬੀ)- ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ ਮੁਹਾਵਾ ਦੇ ਇਲਾਕੇ ਵਿਚੋਂ ਇਕ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਹੋਇਆ ਹੈ। ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ, ਪੁਲਿਸ ਥਾਣਾ ਘਾਰਿੰਡਾ ਦੇ ਐਸ. ਐਚ. ਓ. ਅਤੇ ਸਰਹੱਦੀ ਪੁਲਿਸ ਚੌਂਕੀ ਕਾਂਹਨਗੜ ਦੇ ਇੰਚਾਰਜ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਾਂਝਾ ਸਰਚ ਅਭਿਆਨ ਚਲਾਇਆ। ਬਾਰਡਰ ਪਿੱਲਰ ਨੰਬਰ 109/1 ਦੇ ਨਜ਼ਦੀਕ ਤੋਂ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ ਵੀ ਇਸ ਇਲਾਕੇ ਵਿਚ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਗਿਆ, ਜਿਸ ਵਿਚੋਂ 3 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਸੀ।