ਚੌਕਸੀ ਵਿਭਾਗ ਨੇ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਤੇ ਪੁੱਤਰ ਦਾ ਦੋ ਦਿਨ ਪੁਲਿਸ ਰਿਮਾਂਡ ਲਿਆ

ਕਪੂਰਥਲਾ, 4 ਅਕਤੂਬਰ (ਅਮਰਜੀਤ ਕੋਮਲ)-ਫਗਵਾੜਾ ਸ਼ੂਗਰ ਮਿੱਲ ਦੇ ਮਾਲਕ ਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਤੇ ਪੁੱਤਰ ਨੂੰ ਅੱਜ ਚੌਕਸੀ ਵਿਭਾਗ ਦੀ ਟੀਮ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਪਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ । ਮਾਨਯੋਗ ਅਦਾਲਤ ਵਿਚ ਚੌਕਸੀ ਵਿਭਾਗ ਦੇ ਵਕੀਲ ਮਨੋਜ ਕੁਮਾਰ ਨੇ ਕਿਹਾ ਕਿ ਕਥਿਤ ਦੋਸ਼ੀ ਜਰਨੈਲ ਸਿੰਘ ਵਾਹਦ ਕੋਲੋਂ ਕੁਝ ਦਸਤਾਵੇਜ਼ ਤੇ ਬੈਂਕ ਦੀਆਂ ਸਟੇਟਮੈਂਟਾਂ ਲਈਆਂ ਜਾਣੀਆਂ ਹਨ ਇਸ ਲਈ ਉਨ੍ਹਾਂ ਦਾ 4 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਜਾਵੇ । ਦੂਜੇ ਪਾਸੇ ਜਰਨੈਲ ਸਿੰਘ ਵਾਹਦ ਦੇ ਵਕੀਲ ਵਜੋਂ ਅਦਾਲਤ ਵਿਚ ਪੇਸ਼ ਹੋਏ ਸੀਨੀਅਰ ਐਡਵੋਕੇਟ ਰਜੀਵਪੁਰੀ ਤੇ ਸੀਨੀਅਰ ਐਡਵੋਕੇਟ ਮਨੂੰ ਗੌਤਮ ਨੇ ਚੌਕਸੀ ਵਿਭਾਗ ਦੇ ਵਕੀਲ ਵਲੋਂ 4 ਦਿਨ ਦੇ ਪੁਲਿਸ ਰਿਮਾਂਡ ਮੰਗੇ ਜਾਣ ਦਾ ਵਿਰੋਧ ਕੀਤਾ । ਮਾਨਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਰਨੈਲ ਸਿੰਘ ਨੂੰ ਵਾਹਦ, ਉਨ੍ਹਾਂ ਦੀ ਪਤਨੀ ਤੇ ਪੁੱਤਰ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ । ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਨਯੋਗ ਅਦਾਲਤ ਵਲੋਂ ਕਥਿਤ ਦੋਸ਼ੀਆਂ ਦਾ 3 ਦਾ ਪੁਲਿਸ ਰਿਮਾਂਡ ਦਿੱਤਾ ਜਾ ਚੁੱਕਾ ਹੈ ਤੇ ਰਿਮਾਂਡ ਦੌਰਾਨ ਹੀ ਬੀਤੇ ਦਿਨ ਚੌਕਸੀ ਵਿਭਾਗ ਦੇ ਡੀ.ਐਸ.ਪੀ. ਜਤਿੰਦਰਜੀਤ ਸਿੰਘ ਦੀ ਅਗਵਾਈ ਵਿਚ ਵਿਭਾਗ ਦੀ ਟੀਮ ਨੇ ਵਾਹਦ ਵਿਲਾ ਫਗਵਾੜਾ ਵਿਚ ਛਾਪੇਮਾਰੀ ਕਰਕੇ ਲਗਭਗ ਢਾਈ ਘੰਟੇ ਦਸਤਾਵੇਜ਼ਾਂ ਦੀ ਜਾਂਚ ਕੀਤੀ ।