ਇਟਲੀ ਦੇ ਸ਼ਹਿਰ ਆਰਜੀਨਿਆਨੋ ਵਿਖੇ ਕੱਢੀ ਗਈ ਕ੍ਰਿਸ਼ਨ ਰੱਥ ਯਾਤਰਾ
ਇਟਲੀ, 25 ਸਤੰਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਵਿਚੈਂਸਾ ਜ਼ਿਲ੍ਹੇ ’ਚ ਸਥਿਤ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਦੁਆਰਾ ਆਰਜੀਨਿਆਨੋ ਸ਼ਹਿਰ ’ਚ ਕ੍ਰਿਸ਼ਨ ਰੱਥ ਯਾਤਰਾ ਕੱਢੀ ਗਈ। ਇਸ ਰੱਥ ਯਾਤਰਾ ਦੌਰਾਨ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਅਤੇ ਇਟਾਲੀਅਨ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੂੰ ਸਮਰਪਿਤ ਇਸ ਰੱਥ ਯਾਤਰਾ ਦਾ ਆਗਾਜ਼ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਤੋਂ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹਪੂਰਵਕ ਢੰਗ ਨਾਲ ਹੋਇਆ। ਥਾਂ-ਥਾਂ ’ਤੇ ਸਟਾਲਾਂ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ। ਸ਼ਰਧਾਲੂਆਂ ਵਲੋਂ ਮਾਤਾ ਦੁਰਗਾ ਦੇਵੀ ਅਤੇ ਕ੍ਰਿਸ਼ਨ ਜੀ ਮਹਾਰਾਜ ਨਾਲ ਸੰਬੰਧਿਤ ਅਤੇ ਹੋਰ ਧਾਰਮਿਕ ਭਜਨ ਗਾਏ ਗਏ ਅਤੇ ਝਲਕੀਆਂ ਕੱਢੀਆਂ ਗਈਆਂ। ਸ਼ਹਿਰ ਦੇ ਮੇਅਰ ਅਤੇ ਪੁਲਿਸ ਅਧਿਕਾਰੀਆਂ ਸਮੇਤ ਅਨੇਕਾਂ ਪ੍ਰਮੁੱਖ ਇਟਾਲੀਅਨ ਸ਼ਖਸੀਅਤਾਂ ਨੇ ਵੀ ਇਸ ਵਿਸ਼ਾਲ ਰੱਥ ਯਾਤਰਾ ਵਿਚ ਸ਼ਿਰਕਤ ਕੀਤੀ।