ਪੰਜਾਬ ਦੀ ਸੂਝਵਾਨ ਜਨਤਾ ਸੱਤਾਧਾਰੀ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ’ਚ ਨਹੀਂ ਆਵੇਗੀ- ਬਿਕਰਮ ਸਿੰਘ ਮਜੀਠੀਆ

ਜੰਡਿਆਲਾ ਗੁਰੂ, 28 ਸਤੰਬਰ-( ਰਣਜੀਤ ਸਿੰਘ ਜੋਸਨ)- ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਖੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਯੂਥ ਮਿਲਣੀ ਪ੍ਰੋਗਰਾਮ ਤਹਿਤ ਕਰਵਾਏ ਗਏ ਸਮਾਗਮ ਵਿਚ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੌਜਵਾਨਾਂ ਵਿਚ ਜੋਸ਼ ਭਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿੰਨ੍ਹਾਂ ਪੰਜਾਬ ਵਿਚ ਰਾਜ ਕਰ ਰਹੀ ‘ਆਪ’ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਹਰ ਮੁੱਦੇੇ ’ਤੇ ਘੇਰਿਆ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਭਗਵੰਤ ਮਾਨ ਨੇ ਆਪਣੇ 18 ਮਹੀਨੇ ਦੇ ਕਾਰਜਕਾਲ ‘ਚ 50,000 ਕਰੋੜ ਰੁਪਏ ਦਾ ਕਰਜ਼ ਜ਼ਰੂਰ ਲਿਆ ਹੈ, ਪਰ ਉਸ ਵਿਚੋਂ ਇਕ ਵੀ ਰੁਪਈਆ ਕਿਸੇ ਪੰਜਾਬੀ ਵਾਸਤੇ ਖ਼ਰਚ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਵਾਬ ਮੰਗਦਾ ਹੈ ਕਿ ਇਹ ਪੰਜਾਬੀਆਂ ਦੇ 50,000 ਕਰੋੜ ਰੁਪਏ ਕਿੱਥੇ ਖ਼ਰਚ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਦੀ ਸੂਝਵਾਨ ਜਨਤਾ ਸੱਤਾਧਾਰੀ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਅਤੇ ਗਲਤ ਝਾਂਸਿਆਂ ’ਚ ਕਦੇ ਵੀ ਨਹੀਂ ਆਵੇਗੀ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਤੋਂ ਵੱਧ ਲੰਮੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਵਾਇਆ ਅਤੇ ਪੰਜਾਬ, ਪੰਜਾਬੀਅਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲ੍ਹਾ ਲਈ ਵਿਚਾਰ ਸਾਂਝੇ ਕੀਤੇ।