JALANDHAR WEATHER

ਬਲਾਚੌਰ ਕੰਗਣਾ ਪੁਲ ਓਵਰ ਬ੍ਰਿਜ ਹੇਠੋਂ ਵਿਅਕਤੀ ਦੀ ਲਾਸ਼ ਬਰਾਮਦ

ਬਲਾਚੌਰ, 15 ਅਪ੍ਰੈਲ (ਨਰੇਸ਼ ਧੌਲ)- ਬਲਾਚੌਰ ਕੰਗਣਾ ਪੁਲ ਓਵਰ ਬ੍ਰਿਜ ਹੇਠੋਂ ਲਾਸ਼ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਕੁਝ ਵਿਅਕਤੀਆਂ ਵਲੋਂ ਕੰਗਣਾ ਪੁਲ ਓਵਰ ਬ੍ਰਿਜ ਹੇਠਾਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਵੇਖੀ ਗਈ, ਜਿਸ ’ਤੇ ਉਨ੍ਹਾਂ ਵਲੋਂ ਥਾਣਾ ਸਿਟੀ ਬਲਾਚੌਰ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਏ. ਐਸ. ਆਈ. ਨਿਰਮਲ ਸਿੰਘ ਥਾਣਾ ਸਿਟੀ ਬਲਾਚੌਰ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਲੋਂ ਜਾਂਚ ਕਰਨ ਉਪਰੰਤ ਮ੍ਰਿਤਕ ਦੀ ਜੇਬ ’ਚੋਂ ਮਿਲੇ ਆਧਾਰ ਕਾਰਡ ਅਨੁਸਾਰ ਉਸ ਦਾ ਨਾਂਅ ਮਨਜੀਤ ਸਿੰਘ , ਉਮਰ ਕਰੀਬ 75 ਸਾਲ, ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਦੌਲਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਸ਼ਨਾਖਤ ਹੋਈ। ਪੁਲਿਸ ਵਲੋਂ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰਨ ਉਪਰੰਤ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਦੋ ਤਿੰਨ ਦਿਨਾਂ ਤੋਂ ਇਸ ਸਥਾਨ ’ਤੇ ਘੁੰਮ ਰਿਹਾ ਸੀ। ਮ੍ਰਿਤਕ ਵਿਅਕਤੀ ਦੀ ਮੌਤ ਦੇ ਕਾਰਨਾਂ ਸੰਬੰਧੀ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਅਨੁਸਾਰ ਇਸ ਘਟਨਾ ਸੰਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਪਿੰਡ ਦੌਲਤਪੁਰ ਦੇ ਸਰਪੰਚ ਸਰਦਾਰ ਕਸ਼ਮੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲਗਭਗ 25-30 ਸਾਲ ਪਹਿਲਾਂ ਇਹ ਵਿਅਕਤੀ ਸਮੇਤ ਪਰਿਵਾਰ ਆਪਣੇ ਪਿੰਡੋਂ ਪੰਜਾਬ ਦੇ ਕਿਸੇ ਹੋਰ ਸ਼ਹਿਰ ਵਿਚ ਜਾ ਵਸਿਆ ਸੀ। ਉਸ ਉਪਰੰਤ ਇਸ ਨੂੰ ਅੱਜ ਹੀ ਲਾਸ਼ ਦੇ ਰੂਪ ਵਿਚ ਵੇਖਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ