JALANDHAR WEATHER

ਵਿਸਾਖੀ ਮੇਲੇ ’ਚ ਹੁੱਲੜਬਾਜ਼ਾਂ ਨੇ ਪ੍ਰਵਾਸੀ ਵਿਅਕਤੀ ਦਾ ਕੀਤਾ ਸ਼ਰੇਆਮ ਕਤਲ

ਗੁਰਦਾਸਪੁਰ, 15 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ/ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਪੰਡੋਰੀ ਦਰਬਾਰ ’ਚ ਚੱਲ ਰਹੇ ਤੀਸਰੇ ਦਿਨ ਦੇ ਵਿਸਾਖੀ ਮੇਲੇ ਦੌਰਾਨ ਕੁਝ ਹੁੱਲੜਬਾਜਾਂ ਵਲੋਂ ਮੇਲਾ ਦੇਖਣ ਗਏ ਇਕ ਪ੍ਰਵਾਸੀ ਵਿਅਕਤੀ ਦਾ ਸ਼ਰੇਆਮ ਕਿਰਚਾਂ ਮਾਰ ਕੇ ਕਤਲ ਕਰ ਦੇਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਵਾਸੀ ਰਾਜੂ ਪੁੱਤਰ ਬੀ.ਨਰਾਇਣ ਵਾਸੀ ਬਿੰਦਰਾਬਨ ਯੂ.ਪੀ ਹਾਲ ਵਾਸੀ ਰਾਮਨਗਰ ਭੂਨ (ਗੁਰਦਾਸਪੁਰ) ਜੋ ਆਪਣੀ ਪਤਨੀ ਅਤੇ ਦੋ ਹੋਰ ਭਰਾਵਾਂ ਦੇ ਪਰਿਵਾਰ ਸਮੇਤ ਤੀਸਰੇ ਦਿਨ ਵਿਸਾਖੀ ਮੇਲਾ ਦੇਖਣ ਲਈ ਪੰਡੋਰੀ ਦਰਬਾਰ ਪੁੱਜਿਆ ਸੀ ਕਿ ਜਦੋਂ ਉਹ ਮੇਲੇ ਦੇ ਮੁੱਖ ਬਾਜ਼ਾਰ ’ਚ ਜਾ ਰਿਹਾ ਸੀ ਤਾਂ ਮੇਲੇ ਦੀ ਭੀੜ ’ਚ ਅੱਧੀ ਦਰਜਨ ਦੇ ਕਰੀਬ ਕੋਲੋਂ ਲੰਘ ਰਹੇ ਨੌਜਵਾਨਾਂ ’ਚੋਂ ਇਕ ਨਾਲ ਉਸ ਦੇ ਭਰਾ ਰਾਹੁਲ ਦਾ ਮੋਢਾ ਟਕਰਾ ਗਿਆ। ਜਿਸ ’ਤੇ ਹੁੱਲੜਬਾਜ਼ਾਂ ਨੇ ਰਾਹੁਲ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਰਾਹੁਲ ਦਾ ਭਰਾ ਰਾਜੂ ਇਸ ਮਾਮਲੇ ਨੂੰ ਸੁਲਝਾਉਣ ਲਈ ਮੁਆਫ਼ੀ ਮੰਗਣ ਅੱਗੇ ਆਇਆ ਤਾਂ ਉਕਤ ਅੱਧੀ ਦਰਜਨ ਦੇ ਕਰੀਬ ਹੁੱਲੜਬਾਜ਼ਾਂ ਵਲੋਂ ਪਹਿਲਾਂ ਰਾਜੂ ਦੀ ਬੇਰਹਿਮੀ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਰਾਹੁਲ ਅਨੁਸਾਰ ਹੁੱਲੜਬਾਜ਼ਾਂ ’ਚੋਂ ਇਕ ਨੇ ਉਸ ਦੇ ਭਰਾ ਰਾਜੂ ਦੀ ਧੌਣ ’ਚੋਂ ਆਰ ਪਾਰ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੀੜਤ ਪਰਿਵਾਰ ਵਲੋਂ ਦੋਸ਼ ਲਗਾਏ ਹਨ ਕਿ ਘਟਨਾ ਸਥਾਨ ’ਤੇ ਮੌਜੂਦ ਪੁਲਿਸ ਮੁਲਾਜ਼ਮ ਇਸ ਦਰਦਨਾਕ ਘਟਨਾ ਦਾ ਸੀਨ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਪਰ ਬਚਾਅ ਲਈ ਪੁਲਿਸ ਵਲੋਂ ਮੌਕੇ ’ਤੇ ਕੋਈ ਵੀ ਚਾਰਾਜੋਰੀ ਨਹੀਂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ