ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ, 400 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਐਸ.ਪੀ.ਡੀ. ਹਰਵਿੰਦਰ ਸਿੰਘ, ਐਸ.ਪੀ. ਫਗਵਾੜਾ ਮੁਖ਼ਤਾਰ ਰਾਏ ਤੇ ਡੀ.ਐਸ.ਪੀ. ਜਸਪ੍ਰੀਤ ਸਿੰਘ ਤੇ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਦੀ ਦੇਖ ਰੇਖ ਹੇਠ ਪੁਲਿਸ ਨੇ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿਚ ਰਾਜ ਕੁਮਾਰ ਉਰਫ਼ ਭੌਉਣੀ ਵਾਸੀ ਬੇਗਮਪੁਰ ਥਾਣਾ ਰਾਵਲਪਿੰਡੀ, ਗਗਨਦੀਪ ਸਿੰਘ ਉਰਫ਼ ਹੀਰਾ ਵਾਸੀ ਪਿੰਡ ਸੰਗਤਪੁਰ, ਰਣਜੀਤ ਸਿੰਘ ਉਰਫ਼ ਰਵੀ ਵਾਸੀ ਪਿੰਡ ਸਰਹਾਲ ਮੁੰਡੀ ਥਾਣਾ ਗੁਰਾਇਆ ਸ਼ਾਮਿਲ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਵਾਰਦਾਤ ਉਪਰੰਤ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਇਰਾਦਾ ਕਤਲ, ਅਸਲ੍ਹਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਤੇ ਹੁਣ ਜ਼ੁਰਮ ਵਿਚ ਵਾਧਾ ਕਰਦੇ ਹੋਏ ਧਾਰਾ 379 ਬੀ, 511, 120 ਬੀ, ਆਈ.ਪੀ.ਸੀ. ਦੀ ਧਾਰਾ ਲਗਾਈ ਗਈ ਹੈ।