JALANDHAR WEATHER

ਬੈਂਕ ਬਰਾਂਚ ਦੇ ਸਰੁੱਖਿਆ ਕਰਮੀ ਵਲੋਂ ਚਲਾਈ ਗੋਲੀ ਨਾਲ ਨੌਜਵਾਨ ਦੀ ਮੌਤ

ਮੁੱਲਾਂਪੁਰ ਗਰੀਬਦਾਸ/ਮੋਹਾਲੀ, 21 ਜੂਨ (ਦਿਲਬਰ ਸਿੰਘ ਖੈਰਪੁਰ) - ਨੇੜਲੇ ਪਿੰਡ ਮਾਜਰਾ (ਨਿਊ ਚੰਡੀਗੜ੍ਹ) ਸਥਿਤ ਯੂਨੀਅਨ ਬੈਂਕ ਦੇ ਗਾਰਡ ਵਲੋਂ ਅੱਜ ਚੱਲੀ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਥਾਣਾ ਮੁੱਲਾਂਪੁਰ ਨੇ ਕਥਿਤ ਦੋਸ਼ੀ ਸੁਰੱਖਿਆ ਕਰਮੀ ਗੁਰਿੰਦਰ ਸਿੰਘ ਨੂੰ ਮੌਕੇ ’ਤੇ ਕਾਬੂ ਕਰ ਲਿਆ ਹੈ। ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਡੀ.ਐਸ.ਪੀ. ਧਰਮਵੀਰ ਸਿੰਘ ਨੇ ਦੱਸਿਆ ਕਿ ਮਾਜਰਾ ਸਥਿਤ ਯੂਨੀਅਨ ਬੈਂਕ ਵਿਚ ਕੁਝ ਨੌਜਵਾਨ ਕਿਸੇ ਬੈਂਕ ਖ਼ਾਤੇ ਦੀ ਜਾਣਕਾਰੀ ਲੈਣ ਲਈ ਪਹੁੰਚੇ ਸਨ, ਜਿਨ੍ਹਾਂ ਵਿਚ ਤਿੰਨ ਨੌਜਵਾਨ ਮਨਵੀਰ ਸਿੰਘ ਉਰਫ਼ ਮਨੀ ਮਾਜਰਾ, ਪੱਪੂ ਮਾਣਕਪੁਰ ਸ਼ਰੀਫ਼ ਤੇ ਕਾਕੂ ਪਿੰਡ ਮਾਜਰਾ ਸ਼ਾਮਿਲ ਸਨ। ਇਸੇ ਦੌਰਾਨ ਉਨ੍ਹਾਂ ਦੀ ਬੈਂਕ ਦੇ ਕੈਸ਼ੀਅਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਵਿਚ ਗਾਰਡ ਨੂੰ ਦਖ਼ਲ ਦੇਣਾ ਪਿਆ ਤੇ ਗਾਰਡ ਦੇ ਨਾਲ ਉਨ੍ਹਾਂ ਨੌਜਵਾਨਾਂ ਦੀ ਹੱਥੋਪਾਈ ਹੋ ਗਈ। ਇਸ ਦੌਰਾਨ ਗਾਰਡ ਤੋਂ ਨੌਜਵਾਨਾਂ ਨੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਗੋਲੀ ਚੱਲ ਗਈ। ਗੋਲੀ ਚੱਲਣ ਨਾਲ ਪਿੰਡ ਮਾਜਰੇ ਦਾ ਨੌਜਵਾਨ ਮਨਵੀਰ ਸਿੰਘ ਮਨੀ ਨੂੰ ਜ਼ਖ਼ਮੀ ਹਾਲਤ ਵਿਚ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਗਾਰਡ ਨੂੰ ਪੁੱਛ ਗਿੱਛ ਲਈ ਥਾਣਾ ਮੁੱਲਾਂਪੁਰ ਗਰੀਬਦਾਸ ਲਿਜਾਇਆ ਗਿਆ। ਉਸ ਕੋਲੋਂ ਪੁਲਿਸ ਨੇ ਲਾਇਸੰਸੀ‌ ਰੈਫ਼ਲ ਵੀ ਬਰਾਮਦ ਕਰ ਲਈ ਹੈ। ਫਿਲਹਾਲ ਬੈਂਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਪੁਲਿਸ ਪ੍ਰਸ਼ਾਸਨ ਵਲੋਂ ਲੈ ਕੇ ਮਾਮਲੇ ਦੀ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ