
ਗੁਰੂ ਹਰ ਸਹਾਇ, 12 ਜੁਲਾਈ (ਕਪਿਲ ਕੰਧਾਰੀ)- ਗੁਰੂ ਹਰ ਸਹਾਇ ਸ਼ਹਿਰ ਵਿਚ ਦਿਨ ਦਿਹਾੜੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਇਕ ਮਾਤਾ ਬੈਂਕ ਚੋਂ ਪੈਸੇ ਕਢਵਾ ਕੇ ਗੁਰੂ ਹਰ ਸਹਾਇ ਦੇ ਮੁਕਤਸਰ ਰੋਡ ਦੇ ਕੋਲ ਬਣੇ ਬਾਜ਼ਾਰ ਵੱਲ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਵਿਅਕਤੀ ਆਇਆ ਅਤੇ ਉਸ ਦੇ ਪੈਸਿਆਂ ਨੂੰ ਝਪਟ ਮਾਰ ਕੇ ਭੱਜ ਗਿਆ। ਮਾਤਾ ਵਲੋਂ ਰੌਲਾ ਪਾਉਣ ’ਤੇ ਮੌਕੇ ’ਤੇ ਮੋਜੂਦ ਦੁਕਾਨਦਾਰਾਂ ਤੇ ਲੋਕਾਂ ਵਲੋਂ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਅਤੇ ਲੁਟੇਰਿਆਂ ’ਤੇ ਠੱਲ੍ਹ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਾਸੀ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੋਈ ਵੱਡਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।