ਮਾਈਕ੍ਰੋਸਾਫਟ ਦੇ ਵਿੰਡੋਜ਼ ਆਪ੍ਰੇਟਿੰਗ ਸਿਸਟਮ ’ਚ ਆਇਆ ਵੱਡਾ ਬੱਗ

ਨਵੀਂ ਦਿੱਲੀ, 19 ਜੁਲਾਈ- ਮਾਈਕ੍ਰੋਸਾਫਟ ਦੇ ਵਿੰਡੋਜ਼ ਆਪਰੇਟਿੰਗ ਸਿਸਟਮ ’ਚ ਵੱਡਾ ਬੱਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬੱਗ ਕਾਰਨ, ਦੁਨੀਆ ਭਰ ਦੇ ਵਿੰਡੋਜ਼ ਉਪਭੋਗਤਾਵਾਂ ਦੀਆਂ ਸਿਸਟਮ ਸਕ੍ਰੀਨਾਂ ਨੀਲੀਆਂ ਹੋ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਲੋਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। ਰਿਪੋਰਟ ਅਨੁਸਾਰ ਵਿੰਡੋਜ਼ ਸਿਸਟਮ ’ਚ ਬਲੂ ਸਕਰੀਨ ਆਫ਼ ਡੈਥ ਐਰਰ ਦਿਖਾਈ ਦੇ ਰਹੀ ਹੈ, ਜਿਸ ਕਾਰਨ ਸਿਸਟਮ ਨੂੰ ਅਚਾਨਕ ਬੰਦ ਜਾਂ ਰੀਸਟਾਰਟ ਕਰਨਾ ਪੈਂਦਾ ਹੈ। ਰਿਪੋਰਟ ਅਨੁਸਾਰ ਇਸ ਬੱਗ ਕਾਰਨ ਅਮਰੀਕਾ, ਆਸਟ੍ਰੇਲੀਆ ਵਰਗੇ ਕਈ ਦੇਸ਼ ਪ੍ਰਭਾਵਿਤ ਹੋਏ ਹਨ ਅਤੇ ਇਸ ਕਾਰਨ ਕਈ ਵੱਡੇ ਬੈਂਕਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬੱਗ ਮਾਈਕ੍ਰੋਸਾਫਟ ਦੇ ਹਾਲ ਹੀ ’ਚ ਕਰਾਊਟ ਸਟਰਾਈਕ ਅਪਡੇਟ ਤੋਂ ਬਾਅਦ ਆਇਆ ਹੈ। ਇਸ ਕਾਰਨ ਦੁਨੀਆ ਭਰ ਦੀਆਂ ਉਡਾਣਾਂ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਕਈ ਉਡਾਣਾਂ ਨੂੰ ਰੱਦ ਕਰਨਾ ਪੈ ਗਿਆ। ਇਸ ਸੰਬੰਧੀ ਵੱਖ ਵੱਖ ਏਅਰ ਲਾਈਨਜ਼ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਟਿਕਟ ਬੁਕਿੰਗ, ਚੈੱਕ ਇਨ ਸਹਿਤ ਕਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।