ਦੁੱਧ ’ਦੇ ਮੁੱਦੇ ’ਤੇ ਬਲਵੀਰ ਸਿੰਘ ਰਾਜੇਵਾਲ ਨੇ ਘੇਰੀ ਸੂਬਾ ਸਰਕਾਰ
ਚੰਡੀਗੜ੍ਹ, 19 ਜੁਲਾਈ- ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਕਿਸਾਨ ਭਵਨ ਵਿਖੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਪੰਜਾਬ ਵਿਚ ਸਹਿਕਾਰੀ ਖ਼ੇਤਰ ਵਿਚ ਅਤੇ ਮਿਲਕ ਫੈੱਡ ਅਧੀਨ ਕੁੱਲ 17 ਦੁੱਧ ਦੇ ਪਲਾਟ ਹਨ। ਇਹ ਪਲਾਟ ਪੰਜਾਬ ਵਿਤ ਪੈਦਾ ਹੁੰਦੇ ਕੁੱਲ 3.5 ਕਰੋੜ ਲੀਟਰ ਰੋਜ਼ਾਨਾ ਦੁੱਧ ਦਾ 15% ਅਰਥਾਤ 30 ਲੱਖ ਲੀਟਰ ਦੁੱਧ ਖ਼ਰੀਦ ਕੇ ਪ੍ਰੋਸੈਸ ਕਰਦੇ ਹਨ। ਬਾਕੀ ਦੁੱਧ ਦੀ ਪੈਦਾਵਾਰ ਘਰੇਲੂ ਖਪਤ ਅਤੇ ਪ੍ਰਾਈਵੇਟ ਪਲਾਂਟਾਂ ਕੋਲ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਤੱਕ ਸਹਿਕਾਰੀ ਯੂਨੀਅਨ ਦੇ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਮਿਥਿਆ ਕਰਦੇ ਸਨ, ਹੁਣ ਇਹ ਕੰਮ ਮਿਲਕ ਫੈਡ ਦੀ ਅਫ਼ਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ ਦੇ ਹੱਥ ਚਲਾ ਗਿਆ। ਰਾਜੇਵਾਲ ਨੇ ਇਹ ਵੀ ਦੋਸ਼ ਲਗਾਇਆ ਕਿ ਅਮੁਲ ਦੁੱਧ ਖ਼ੇਤਰ ਵਿਚ ਪੰਜਾਬ ਵੱਲ ਵੀ ਪੈਰ ਪਸਾਰਿਆ ਰਿਹਾ ਹੈ। ਉਸ ਦਾ ਪੰਜਾਬ ਉੱਤੇ ਅਸਰ ਹੋਣਾ ਵੀ ਸ਼ੁਰੂ ਹੋ ਗਿਆ, ਉਸਦੀ ਅੱਖ ਲੁਧਿਆਣਾ, ਚੰਡੀਗੜ੍ਹ , ਪੰਚਕੂਲਾ, ਮੋਹਾਲੀ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਵੇਰਕਾ ਦੀ ਦੁੱਧ ਸਪਲਾਈ ਖੋਹਣ ਉੱਤੇ ਹੈ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਦੁੱਧ ਦੀ ਕੁਆਲਿਟੀ ਗੁਜਰਾਤ ਨਾਲੋਂ ਕਿਤੇ ਬਿਹਤਰ ਹੈ ਫਿਰ ਪੰਜਾਬ ਦੇ ਕਿਸਾਨਾਂ ਦਾ ਸਹਿਕਾਰੀ ਮਿਲਕ ਪਲਾਂਟਾਂ ਅਤੇ ਮਿਲਕ ਫੈਡ ਦੀ ਸਥਿਤੀ ਮਾੜੀ ਕਿਉਂ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਮੀ ਕੇਵਲ ਇਨ੍ਹਾਂ ਵਿਚ ਫੈਲੀ ਬੇਈਮਾਨੀ, ਭ੍ਰਿਸ਼ਟਾਚਾਰੀ ਅਤੇ ਸਿਆਸੀ ਦਖ਼ਲ ਅੰਦਾਜ਼ੀ ਦੀ ਹੈ।