ਕੋਹਲੀ ਨਾਲ ਮੇਰਾ ਰਿਸ਼ਤਾ ਟੀ.ਆਰ.ਪੀ. ਲਈ ਨਹੀਂ ਹੈ- ਗੌਤਮ ਗੰਭੀਰ

ਮਹਾਰਾਸ਼ਟਰ, 22 ਜੁਲਾਈ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਮੁੱਖ ਚੋਣਕਾਰ ਅਗਰਕਰ ਨਾਲ ਕਈ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਵਿਰਾਟ ਕੋਹਲੀ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਕਿਹਾ ਕਿ ਕੋਹਲੀ ਨਾਲ ਮੇਰਾ ਰਿਸ਼ਤਾ ਟੀ.ਆਰ.ਪੀ. ਲਈ ਨਹੀਂ ਹੈ, ਇਹ ਦੋ ਸਿਆਣੇ ਲੋਕਾਂ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਭਾਰਤ ਦੀ ਅਤੇ 140 ਕਰੋੜ ਭਾਰਤੀਆਂ ਦੀ ਨੁਮਾਇੰਦਗੀ ਕਰ ਰਹੇ ਹਾਂ। ਮੈਦਾਨ ਤੋਂ ਬਾਹਰ ਮੇਰੇ ਉਸ ਨਾਲ ਬਹੁਤ ਚੰਗੇ ਸੰਬੰਧ ਹਨ। ਪਰ, ਇਹ ਜਨਤਾ ਨੂੰ ਦਿਖਾਉਣ ਲਈ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਖ਼ੇਡ ਦੇ ਦੌਰਾਨ ਜਾਂ ਬਾਅਦ ਵਿਚ ਉਨ੍ਹਾਂ ਨਾਲ ਕਿੰਨੀ ਕੁ ਗੱਲਬਾਤ ਕਰਦਾ ਹਾਂ। ਕੋਹਲੀ ਇਕ ਪੇਸ਼ੇਵਰ, ਵਿਸ਼ਵ ਪੱਧਰੀ ਅਥਲੀਟ ਹੈ ਅਤੇ ਉਮੀਦ ਹੈ ਕਿ ਉਹ ਅੱਗੇ ਵੀ ਅਜਿਹਾ ਹੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਦੋਵੇਂ ਭਾਰਤ ਨੂੰ ਮਾਣ ਦਿਵਾਉਣ ਲਈ ਬਹੁਤ ਸਖ਼ਤ ਮਿਹਨਤ ਕਰਾਂਗੇ ਅਤੇ ਇਹ ਹੀ ਸਾਡਾ ਕੰਮ ਹੈ।