ਬਜਟ 'ਚ ਪੰਜਾਬ ਨੂੰ ਅੰਗੂਠਾ ਦਿਖਾਉਣਾ ਮੁਲਕ ਲਈ ਘਾਤਕ ਹੋ ਸਕਦੈ - ਪਾਲੀ ਰਾਮ ਬਾਂਸਲ
.jpg)
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)-ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਨੂੰ ਅੰਗੂਠਾ ਦਿਖਾਉਣਾ ਮੁਲਕ ਲਈ ਘਾਤਕ ਹੋ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਕਾਮਰੇਡ ਪਾਲੀ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਨਾ ਸਿਰਫ ਮੁਲਕ ਦੇ ਅੰਨ ਦੇ ਭੰਡਾਰ ਭਰਦਾ ਹੈ ਬਲਕਿ ਵਿਦੇਸ਼ੀ ਹਮਲਿਆਂ ਖਿਲਾਫ ਦੇਸ਼ ਦੀ ਢਾਲ ਬਣ ਕੇ ਖੜ੍ਹਦਾ ਹੈ। ਬੇਰੁਜ਼ਗਾਰੀ ਕਾਰਨ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ। ਬਜਟ ਵਿਚ ਪੰਜਾਬ ਲਈ ਖੇਤੀ, ਬਾਗ਼ਬਾਨੀ, ਡੇਅਰੀ ਆਧਾਰਿਤ ਵੱਡੇ ਉਦਯੋਗਾਂ ਦਾ ਐਲਾਨ ਹੋਣਾ ਚਾਹੀਦਾ ਸੀ ਤਾਂ ਕਿ ਪੰਜਾਬ ਵਿਚ ਰੁਜ਼ਗਰ ਪੈਦਾ ਹੋਣ। ਇਸ ਨਾਲ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਘਟੇਗਾ, ਨਸ਼ਿਆਂ ਨੂੰ ਠੱਲ੍ਹ ਪਵੇਗੀ। ਸਭ ਤੋਂ ਵੱਡੀ ਗੱਲ ਕਿ ਝੋਨੇ ਦੀ ਫਸਲ ਉਪਰ ਨਿਰਭਰਤਾ ਘਟੇਗੀ, ਜਿਸ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ ਤੇ ਪੰਜਾਬ ਬੰਜਰ ਹੋਣੋ ਬੱਚ ਜਾਵੇਗਾ। ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਿਰੋਧ ਛੱਡ ਕੇ ਠੰਡੇ ਛਿੱਟੇ ਮਾਰਨੇ ਚਾਹੀਦੇ ਹਨ ਕਿਉਂਕਿ ਅੱਗ ਨਾਲ ਅੱਗ ਨਹੀਂ ਬੁੱਝਦੀ। ਅੱਗ ਬੁਝਾਉਣ ਲਈ ਪਾਣੀ ਰੂਪੀ ਠੰਡਕ ਜ਼ਰੂਰੀ ਹੈ। ਪੰਜਾਬੀਆਂ ਨਾਲ ਵਿਤਕਰਾ ਹਮੇਸ਼ਾ ਗੁਆਂਢੀ ਦੁਸ਼ਮਣ ਮੁਲਕਾਂ ਲਈ ਮਦਦਗਾਰ ਰਿਹਾ ਹੈ। ਬਜਟ ਵਿਚ ਪੰਜਾਬ ਪ੍ਰਤੀ ਵਿਤਕਰੇ ਨਾਲ ਸੂਬੇ ਵਿਚ ਵੱਡਾ ਰੋਸ ਪੈਦਾ ਹੋਵੇਗਾ।