ਬਜਟ ਨੇ ਖੇਤੀ ਸੈਕਟਰ 'ਤੇ ਕਿਸਾਨਾਂ ਨੂੰ ਫਿਰ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ - ਰਾਮਾ
.jpg)
ਰਾਮਾ ਮੰਡੀ, 23 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਬਜਟ ਕਿਸਾਨਾਂ ਦੀਆਂ ਆਸਾਂ ਤੋਂ ਪੂਰੀ ਤਰ੍ਹਾਂ ਹਟ ਕੇ ਹੇਠਲੇ ਪੱਧਰ ਦਾ ਬਜਟ ਹੈ, ਜਿਸ ਵਿਚ ਕਰਜ਼ਾਈ ਕਿਸਾਨਾਂ ਨੂੰ ਫੌਰੀ ਤੌਰ 'ਤੇ ਕੋਈ ਵੀ ਰਾਹਤ ਦੇਣ ਸੰਬੰਧੀ ਐਲਾਨ ਨਹੀਂ ਕੀਤਾ ਗਿਆ, ਬਲਕਿ ਕਿਸਾਨਾਂ ਨੂੰ ਹੋਰ ਕਰਜ਼ਾ ਦੇਣ ਦੇ ਕੀਤੇ ਐਲਾਨਾਂ ਨੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਦੀ ਥਾਂ ਉਤੇ ਹੋਰ ਚੜ੍ਹਾਉਣ ਦਾ ਕੰਮ ਕੀਤਾ ਹੈ, ਜਿਸ ਦਾ ਕਿਸਾਨਾਂ ਨੂੰ ਲਾਭ ਦੀ ਥਾਂ ਨੁਕਸਾਨ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਨਾ ਹੀ ਬਜਟ 'ਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਐਮ.ਐਸ.ਪੀ. 'ਤੇ ਖਰੀਦਣ ਲਈ ਵਿਸ਼ੇਸ਼ ਪੈਕਜ ਰੱਖਿਆ ਹੈ, ਨਾ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਤਜਵੀਜ਼ ਰੱਖੀ ਹੈ। ਬਜਟ 'ਚ ਬੇਸ਼ੱਕ ਕੁਝ ਐਲਾਨ ਕੀਤੇ ਗਏ ਹਨ ਪਰ ਉਕਤ ਬਜਟ ਕਿਸਾਨਾਂ ਦੀਆਂ ਉਮੀਦਾਂ 'ਤੇ ਕਿਸੇ ਵੀ ਤਰ੍ਹਾਂ ਪੂਰਾ ਖ਼ਰਾ ਨਹੀਂ ਉਤਰ ਸਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਮੀਦ ਸੀ ਕਿ ਬਜਟ ਦੌਰਾਨ ਕਿਸਾਨਾਂ ਨੂੰ ਕਰਜ਼ ਤੋਂ ਮੁਕਤੀ ਦਿਵਾਉਣ ਦੀ ਕੋਈ ਗੱਲ ਕੀਤੀ ਜਾਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ।