ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ

ਕਪੂਰਥਲਾ, 24 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ’ਤੇ ਇਕ ਰਿਜ਼ੋਰਟ ਨੇੜੇ ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਹਿਤ ਨੇ ਦੱਸਿਆ ਕਿ ਉਸ ਦਾ ਭਰਾ ਪਵਨ ਅਤੇ ਸੁਮਿਤ ਵਾਸੀ ਆਰ.ਸੀ.ਐਫ਼. ਸਵੇਰੇ ਮੋਟਰਸਾਈਕਲ ’ਤੇ ਆਪਣੇ ਕੰਮ ਸੁਲਤਾਨਪੁਰ ਲੋਧੀ ਵੱਲ ਨੂੰ ਜਾ ਰਹੇ ਸੀ, ਜਦ ਉਹ ਖੈੜਾ ਰਿਜ਼ੋਰਟ ਨੇੜੇ ਪੁੱਜੇ ਤਾਂ ਸੁਲਤਾਨਪੁਰ ਵਲੋਂ ਆਉਂਦੀ ਬੱਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਵਿਖੇ ਡਿਊਟੀ ਡਾਕਟਰ ਰਮਨਦੀਪ ਕੌਰ ਵਲੋਂ ਦੋਵਾਂ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਵਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।