ਕੋਟਫ਼ਤੂਹੀ 'ਚ ਮੁਲਾਜ਼ਮ-ਪੈਨਸ਼ਨਰਜ਼ ਫ਼ਰੰਟ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਕੋਟਫ਼ਤੂਹੀ, 6 ਅਗਸਤ (ਅਵਤਾਰ ਸਿੰਘ ਅਟਵਾਲ)-ਪੰਜਾਬ ਸਰਕਾਰ ਵਲੋਂ ਮੁਲਾਜ਼ਮ-ਪੈਨਸ਼ਨਰਜ਼ ਵਰਗ ਦੀਆਂ ਮੰਗਾਂ ਪ੍ਰਤੀ ਅਪਣਾਈ ਟਾਲ-ਮਟੋਲ ਦੀ ਨੀਤੀ ਅਤੇ ਜਥੇਬੰਦੀਆਂ ਨੂੰ ਮੀਟਿੰਗਾਂ ਲਈ ਵਾਰ-ਵਾਰ ਸਮਾਂ ਦੇ ਕੇ ਵੀ ਮੀਟਿੰਗ ਨਾ ਕਰਕੇ ਅਗਲੀ ਤਰੀਕ ਦੇਣ ਦੇ ਵਿਰੋਧ ਵਿਚ ਪੰਜਾਬ ਮੁਲਾਜ਼ਮ-ਪੈਨਸ਼ਨਰਜ਼ ਫ਼ਰੰਟ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਮੁਲਾਜ਼ਮ ਆਗੂ ਨਰਿੰਦਰ ਅਜਨੋਹਾ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਕੋਟਫ਼ਤੂਹੀ, ਮੱਖਣ ਸਿੰਘ ਲੰਗੇਰੀ, ਓਂਕਾਰ ਸਿੰਘ ਆਦਿ ਦੀ ਸਰਪ੍ਰਸਤੀ ਹੇਠ ਕੋਟਫ਼ਤੂਹੀ ਦੇ ਮੁੱਖ ਬਿਸਤ-ਦੁਆਬ ਨਹਿਰ ਵਾਲੇ ਚੌਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਮੁਲਾਜ਼ਮ-ਪੈਨਸ਼ਨਰਜ਼ ਵਰਗ ਦੀਆਂ ਮੰਗਾਂ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, 2.59 ਗੁਣਾਂਕ, ਪੇਅ-ਕਮਿਸ਼ਨ ਅਤੇ ਡੀ. ਏ. ਦੇ ਬਕਾਏ, ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ, ਮਿੱਡ-ਡੇ ਮੀਲ ਆਊਟਸੋਰਸਿੰਗ-ਇਨਲਿਸਟਮੈਂਟ ਮੁਲਾਜ਼ਮਾਂ ਲਈ ਢੁਕਵੀਂ ਨੀਤੀ, ਏ. ਸੀ. ਪੀ. ਸਕੀਮ ਅਤੇ ਕੱਟੇ 37 ਭੱਤੇ ਬਹਾਲ ਕਰਨ, ਜਬਰੀ ਥੋਪਿਆ ਕੇਂਦਰੀ ਪੇਅ-ਕਮਿਸ਼ਨ ਅਤੇ ਕਈ ਹੋਰ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸਰਕਾਰ ਵਲੋਂ ਅਪਣਾਈ ਚੁੱਪ ਤੋਂ ਮੁਲਾਜ਼ਮ ਪੈਨਸ਼ਨਰ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ।