8 ਲੱਖ 50 ਹਜ਼ਾਰ ਡਰੱਗ ਮਨੀ, 160 ਗ੍ਰਾਮ ਹੈਰੋਇਨ ਤੇ ਹਥਿਆਰਾਂ ਸਮੇਤ 5 ਗ੍ਰਿਫਤਾਰ
ਅਟਾਰੀ, 9 ਸਤੰਬਰ (ਗੁਰਦੀਪ ਸਿੰਘ ਅਟਾਰੀ)-ਸਤਿੰਦਰ ਸਿੰਘ ਆਈ.ਪੀ.ਐਸ., ਡੀ.ਆਈ.ਜੀ. ਬਾਰਡਰ ਰੇਂਜ ਵਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਉਤੇ ਕੰਮ ਕਰਦਿਆਂ ਹਰਿੰਦਰ ਸਿੰਘ ਐਸ.ਪੀ. (ਡੀ) ਦੀ ਜ਼ੇਰੇ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ. ਅੰਮ੍ਰਿਤਸਰ ਦਿਹਾਤੀ ਨੂੰ ਗੁਪਤ ਸੂਚਨਾ ਮਿਲੀ ਕਿ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਦਾਉਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸੰਬੰਧ ਹਨ ਜੋ ਪਾਕਿਸਤਾਨੀ ਸਮੱਗਲਰਾਂ ਪਾਸੋਂ ਹੈਰੋਇਨ ਅਤੇ ਅਸਲਾ ਮੰਗਵਾ ਕੇ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ, ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀਆਨ ਪਿੰਡ ਦਾਉਕੇ ਜ਼ਿਲ੍ਹਾ ਅੰਮ੍ਰਿਤਸਰ, ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ, ਰਾਹੁਲ ਉਰਫ ਰਿੰਕੂ ਪੁੱਤਰ ਜਸਬੀਰ ਸਿੰਘ ਵਾਸੀਆਨ ਬਸਤੀ ਖਲਿਆ ਵਾਲੀ ਮੋਗਾ ਰੋਡ ਫਿਰੋਜ਼ਪੁਰ ਦੀ ਮਦਦ ਨਾਲ ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹੈਰੋਇਨ ਅਤੇ ਅਸਲਾ ਸਪਲਾਈ ਕਰਦਾ ਹੈ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਇੰਚਾਰਜ ਸੀ.ਆਈ.ਏ. ਅੰਮ੍ਰਿਤਸਰ ਦਿਹਾਤੀ ਵਲੋਂ ਸੁਖਚੈਨ ਸਿੰਘ, ਸੁਖਪਾਲ ਸਿੰਘ, ਨਵਦੀਪ ਸਿੰਘ, ਸੁਖਬੀਰ ਸਿੰਘ, ਰਾਹੁਲ ਉਰਫ ਰਿੰਕੂ ਨੂੰ 8 ਲੱਖ 50 ਹਜ਼ਾਰ ਡਰੱਗ ਮਨੀ, 160 ਗ੍ਰਾਮ ਹੈਰੋਇਨ, ਦੋ .30 ਬੋਰ ਪਿਸਟਲ ਬਿਨਾਂ ਮੈਗਜ਼ੀਨ (ਇਕ ਪਿਸਟਲ ਬਿਨਾਂ ਬੈਰਲ), ਇਕ ਹੈਰੋਇਨ ਤੋਲਣ ਵਾਲਾ ਕੰਡਾ, ਚਾਰ ਮੋਬਾਈਲ ਫੋਨ, ਇਕ ਆਈ-10 ਗੱਡੀ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸੰਬੰਧੀ ਉਕਤ ਗ੍ਰਿਫਤਾਰ ਵਿਅਕਤੀਆਂ ਖਿਲ਼ਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਘਰਿੰਡਾ ਵਿਖੇ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾਂ ਜਾਂਚਿਆ ਜਾ ਰਿਹਾ ਹੈ। ਉਕਤ ਗ੍ਰਿਫਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।