ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਪੋਸਟ
ਚੰਡੀਗੜ੍ਹ, 16 ਅਕਤੂਬਰ- ਅੱਜ ਵਿਰਸਾ ਸਿੰਘ ਵਲਟੋਹਾ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ, ਜਿਸ ਵਿਚ ਉਨ੍ਹਾਂ ਪੰਥ ਨੂੰ ਸੰਬੋਧਨ ਹੁੰਦਿਆਂ ਕਈ ਸਵਾਲ ਪੁੱਛੇ ਹਨ। ਉਨ੍ਹਾਂ ਲਿਖਿਆ ਕਿ ਮੇਰੇ ਸਵਾਲ ਪੰਥ ਦੀ ਕਚਹਿਰੀ ਵਿਚ ਹਨ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਮੇਰੇ ਮਾਮਲੇ ਦੀ ਸੁਣਵਾਈ ਵਿਚ ਮਰਿਆਦਾ ਤੇ ਪਰੰਪਰਾਵਾਂ ਅਨੁਸਾਰ ਪੰਜ ਸਿੰਘ ਸਹਿਬਾਨ ਵਿਚ ਸ਼ਾਮਿਲ ਹੋਣ ਦਾ ਅਧਿਕਾਰ ਰੱਖਦੇ ਸਨ? ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋਸ਼ਾਂ ਤਹਿਤ ਮੈਨੂੰ ਤਲਬ ਕੀਤਾ ਗਿਆ ਸੀ, ਉਹ ਵੀ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਬੰਧਿਤ ਸਨ ਤੇ ਪੇਸ਼ੀ ਸਮੇਂ ਜੋ ਮੇਰੇ ਕੋਲੋਂ ਸਬੂਤ ਤੇ ਸਪੱਸ਼ਟੀਕਰਨ ਮੰਗਿਆ ਗਿਆ ਸੀ, ਉਹ ਵੀ ਸਾਰਾ ਵੇਰਵਾ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਸਪੱਸ਼ਟੀਕਰਨ ਵਾਲੀ ਚਿੱਠੀ ਪੜ੍ਹ ਲੈਣ ਤੋਂ ਬਾਅਦ ਵੀ ਗਿਆਨੀ ਹਰਪ੍ਰੀਤ ਸਿੰਘ ਸੁਣਵਾਈ ਵਿਚ ਸ਼ਾਮਿਲ ਕਿਉਂ ਹੋਏ, ਇਹ ਮੇਰਾ ਪੰਥਕ ਬੁੱਧੀਜੀਵੀਆਂ ਸਾਹਮਣੇ ਸਵਾਲ ਹੈ।