ਪਨਬੱਸ ਡਰਾਈਵਰ ਨਾਲ ਗਾਲੀ-ਗਲੋਚ ਕਰਨ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬੱਸਾਂ ਦਾ ਕੀਤਾ ਚੱਕਾ ਜਾਮ
ਫ਼ਿਰੋਜ਼ਪੁਰ, 4 ਸਤੰਬਰ (ਸੁਖਵਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਅੰਦਰ ਅੱਜ ਪਨਬੱਸ ਡਰਾਈਵਰ ਕੰਟਰੈਕਟ ਵਰਕਰਾਂ ਵਲੋਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ। ਇਸ ਮੌਕੇ ਮੁਖਪਾਲ ਸਿੰਘ ਜਨਰਲ ਸਕੱਤਰ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਡੀਪੂ ਫ਼ਿਰੋਜ਼ਪੁਰ ਨੇ ਦੱਸਿਆ ਕਿ ਬੱਸ ਅੱਡਾ ਸ਼ਹਿਰ ਨੂੰ ਜਾਂਦੇ ਰਸਤੇ ’ਚ ਕਾਰ ਚਾਲਕ ਵਲੋਂ ਬੱਸ ਅੱਗੇ ਕਾਰ ਲਗਾ ਕੇ ਰੋਕਿਆ ਗਿਆ ਅਤੇ ਡਰਾਈਵਰ ਨਾਲ ਗਾਲੀ-ਗਲੋਚ ਕੀਤਾ ਅਤੇ ਕਿਹਾ ਕਿ ਇੱਧਰ ਦੀ ਬੱਸਾਂ ਨਹੀਂ ਲਿਆਉਣੀਆਂ, ਤੁਸੀਂ ਆਪਣਾ ਕੋਈ ਹੋਰ ਰੂਟ ਕੱਢੋ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਕਤ ਵਿਅਕਤੀ ’ਤੇ ਕੋਈ ਕਾਰਵਾਈ ਨਹੀਂ ਹੁੰਦੀ, ਚੱਕਾ ਜਾਮ ਇਸੇ ਤਰ੍ਹਾਂ ਜਾਰੀ ਰਹੇਗਾ।