ਪਿੰਡ ਸੇਖਵਾਂ 'ਚ ਪੰਚਾਇਤ ਦੇ ਕਾਗਜ਼ ਰੱਦ ਕੀਤੇ ਜਾਣ 'ਤੇ ਭਾਰੀ ਰੋਸ
ਅੱਚਲ ਸਾਹਿਬ (ਬਟਾਲਾ), 6 ਅਕਤੂਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਬਲਾਕ ਬਟਾਲਾ ਦੇ ਪਿੰਡ ਸੇਖਵਾਂ ਜਾਹਦਪੁਰ ਵਿਚ ਸਰਪੰਚ ਸਮੇਤ ਸਮੁੱਚੀ ਪੰਚਾਇਤ ਦੀਆਂ ਫਾਈਲਾਂ ਰੱਦ ਹੋਣ ਕਾਰਨ ਉਮੀਦਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਰਪੰਚੀ ਦੇ ਉਮੀਦਵਾਰ ਕਰਨਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਪਿੰਡ ਸੇਖਵਾਂ ਦੇ 7 ਮੈਂਬਰਾਂ ਸਮੇਤ ਪੰਚਾਇਤ ਦੀਆਂ ਫਾਈਲਾਂ ਭਰੀਆਂ ਸਨ। ਅੱਜ ਜਦੋਂ ਅਸੀਂ ਲਿਸਟਾਂ ਦੇਖਣ ਗਏ ਤਾਂ ਬਹੁਤ ਹੈਰਾਨੀ ਹੋਈ ਕਿ ਸਾਡੀਆਂ ਸਾਰੀਆਂ ਹੀ ਫਾਈਲਾਂ ਰੱਦ ਕੀਤੀਆਂ ਜਾ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਾਡੇ ਨਾਲ ਸਿੱਧੀ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਦੂਸਰੀ ਧਿਰ ਵਲੋਂ ਪਿੰਡ ਵਿਚ ਗਲਤ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ ਕਿ ਅਸੀਂ ਸਰਬਸੰਮਤੀ ਨਾਲ ਪੰਚਾਇਤ ਬਣਾ ਲਈ ਹੈ ਜੋ ਕਿ ਸਰਾਸਰ ਗਲਤ ਹੈ, ਇਸ ਨਾਲ ਸਾਡੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਯੂਥ ਅਕਾਲੀ ਆਗੂ ਦੇਵ ਸੁਖਪਾਲ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਵਾਰ ਸਰਪੰਚੀ ਚੋਣਾਂ ਵਿਚ ਵੱਡੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਕਿ ਗ਼ਲਤ ਹੈ। ਇਸ ਮੌਕੇ ਪੰਚੀ ਦੇ ਉਮੀਦਵਾਰ ਪਰਮਜੀਤ ਕੌਰ ਪਤਨੀ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸ਼ਰਨਜੀਤ ਸਿੰਘ, ਜਸਬੀਰ ਸਿੰਘ ਪੁੱਤਰ ਤਰਸੇਮ ਸਿੰਘ, ਕੁਲਵਿੰਦਰ ਕੌਰ ਪਤਨੀ ਕੁੰਵਰ ਸ਼ਮਸ਼ੇਰ ਸਿੰਘ, ਗੁਰਭਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ, ਸੁਖਵਿੰਦਰ ਕੌਰ ਪਤਨੀ ਰਣਜੀਤ ਸਿੰਘ, ਹਰਸਿਮਰਨ ਕੌਰ ਪਤਨੀ ਸਤਨਾਮ ਸਿੰਘ ਦੇ ਕਾਗਜ਼ ਰੱਦ ਕੀਤੇ ਗਏ ਹਨ।