ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਤੇ ਹੀ ਕੀਤਾ ਜਾਵੇਗਾ ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ - ਪਿੰਡ ਵਾਸੀ
ਚੋਗਾਵਾਂ (ਅੰਮ੍ਰਿਤਸਰ), 6 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨੀਂ ਸਰਹੱਦੀ ਪਿੰਡ ਕਮਾਸਕੇ ਵਿਖੇ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ ਵਿਚ ਔਰਤ ਦੀ ਮੌਤ 'ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। ਅੱਜ ਤਿੰਨ ਦਿਨ ਬੀਤਣ ਉਤੇ ਪੁਲਿਸ ਵਲੋਂ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕਰਨ ਉਤੇ ਪਿੰਡ ਵਾਸੀਆਂ ਨੇ ਮ੍ਰਿਤਕ ਔਰਤ ਕੁਲਦੀਪ ਕੌਰ ਦੀ ਲਾਸ਼ ਨੂੰ ਸੜਕ ਉਤੇ ਰੱਖ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬਲਵਿੰਦਰ ਸਿੰਘ, ਤਰਸੇਮ ਸਿੰਘ, ਸਰੂਪ ਸਿੰਘ ਤੇ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਸਾਬਕਾ ਸਰਪੰਚ ਮਹਿੰਦਰ ਸਿੰਘ ਤੇ ਚਰਨ ਸਿੰਘ ਦੀ ਸ਼ਹਿ ਉਤੇ ਉਕਤ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਿਸ ਦਾ ਸਮੂਹ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਇਕ ਸੁਰ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਇਸ ਗੋਲੀਕਾਂਡ ਵਿਚ ਦੋਸ਼ੀ ਮੇਜਰ ਸਿੰਘ ਬਿੱਟੂ, ਪੱਪੂ ਸਿੰਘ, ਜੋਧਬੀਰ ਸਿੰਘ, ਸੁਖਬੀਰ ਸਿੰਘ, ਆਲਮ ਜੱਸ, ਟੀਟੂ ਵਣੀਏਕੇ, ਜਗਰੂਪ ਸਿੰਘ, ਨਿਸ਼ਾਨ ਸਿੰਘ ਤੇ ਹੋਰਨਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।