ਦੂਜੇ ਦਿਨ ਵੀ ਹੜਤਾਲ 'ਤੇ ਰਹੇ ਤਹਿਸੀਲਦਾਰ
ਗੁਰੂ ਹਰਸਹਾਏ 29 ਨਵੰਬਰ (ਕਪਿਲ ਕੰਧਾਰੀ) - ਪੰਜਾਬ ਵਿਜੀਲੈਂਸ ਬਿਊਰੋ ਵਲੋਂ ਤਪਾ ਮੰਡੀ ਵਿਖੇ ਇਕ ਤਹਿਸੀਲਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਦੇ ਸਮੂਹ ਤਹਿਸੀਲਦਾਰ ਅਤੇ ਮੁਲਾਜ਼ਮ ਤਹਿਸੀਲਦਾਰ ਦੇ ਹੱਕ ਚ ਨਿਤਰੇ ਹਨ ਅਤੇ ਉਨ੍ਹਾਂ ਵਲੋਂ ਵਿਜੀਲੈਂਸ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਰੋਸ ਵਜੋਂ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਦੇ ਸਮੂਹ ਮੁਲਾਜ਼ਮ ਅਤੇ ਤਹਿਸੀਲਦਾਰ ਸਮੂਹਿਕ ਛੁੱਟੀ ਲੈ ਕੇ ਦੂਜੇ ਦਿਨ ਵੀ ਹੜਤਾਲ 'ਤੇ ਰਹੇ, ਜਿਸ ਦੇ ਚਲਦਿਆਂ ਜਿਥੇ ਪੰਜਾਬ ਭਰ ਦੀਆਂ ਤਹਿਸੀਲਾਂ ਵਿਚ ਕੰਮ ਕਾਜ ਠੱਪ ਰਿਹਾ, ਉਥੇ ਹੀ ਗੁਰੂ ਹਰਸਹਾਏ ਦੇ ਤਹਿਸੀਲ ਕੰਪਲੈਕਸ ਵਿਚ ਵੀ ਤਹਿਸੀਲਦਾਰ ਦੇ ਨਾ ਆਉਣ ਕਰਕੇ ਕੰਮ ਕਾਜ ਪ੍ਰਭਾਵਿਤ ਹੋਇਆ। ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਇਸ ਹੜਤਾਲ ਸੰਬੰਧੀ ਜਦ ਤਹਿਸੀਲਦਾਰ ਗੁਰੂ ਹਰਸਹਾਏ ਰਜਿੰਦਰ ਕੁਮਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡਾ ਇਕ ਤਹਿਸੀਲਦਾਰ ਸਾਥੀ ਕਿਸੇ ਸਾਜਿਸ਼ ਤਹਿਤ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਯੂਨੀਅਨ ਦੀ ਹੋਣ ਵਾਲੀ ਮੀਟਿੰਗ ਵਿਚ ਅਗਲੇ ਪ੍ਰੋਗਰਾਮ ਸੰਬੰਧੀ ਫ਼ੈਸਲਾ ਲਿਆ ਜਾਵੇਗਾ।