ਬਲਵੰਤ ਸਿੰਘ ਰਾਜੋਆਣਾ ਦੇ ਇਕਲੌਤੇ ਭਾਈ ਕੁਲਵੰਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਗੁਰੂਸਰ ਸੁਧਾਰ, (ਲੁਧਿਆਣਾ), 8 ਨਵੰਬਰ (ਜਗਪਾਲ ਸਿੰਘ ਸਿਵੀਆਂ)- ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ, ਜੋ ਕਿ ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦ ਉਨ੍ਹਾਂ ਦੇ ਖੂਨ ਦੇ ਰਿਸ਼ਤੇ ’ਚੋਂ ਜਿਊਂਦੀ ਆਖਰੀ ਤੰਦ ਵੱਡੇ ਭਾਈ ਸ. ਕੁਲਵੰਤ ਸਿੰਘ ਦੀ ਬੇਵਕਤੀ ਮੌਤ ਕੈਨੇਡਾ ਵਿਖੇ ਮਿਤੀ 4 ਨਵੰਬਰ ਨੂੰ ਹੋ ਗਈ। ਕੁਲਵੰਤ ਸਿੰਘ ਜਿੰਨ੍ਹਾਂ ਦਾ ਜਨਮ 27 ਜੁਲਾਈ 1965 ਨੂੰ ਹੋਇਆ ਸੀ ਅਤੇ ਬਲਵੰਤ ਸਿੰਘ ਦੇ ਵੱਡੇ ਭਾਈ ਸਨ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੰਨੀਪੈੱਗ ਵਿਖੇ ਪੁੱਜੇ ਸਨ, ਇਸੇ ਦੌਰਾਨ ਉਨ੍ਹਾਂ ਦੀ ਕੈਨੇਡਾ ਵਿਖੇ ਬੀਤੀ 4 ਨਵੰਬਰ ਨੂੰ ਸ਼ਾਮੀ 8 ਵੱਜ ਕੇ 45 ਮਿੰਟ ਤੇ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਫਿਲਹਾਲ ਉਨ੍ਹਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਦੇ ਕਬਜ਼ੇ ਵਿਚ ਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਸਕਾਰ ਵੀ ਵਿੰਨੀਪੈੱਗ ਵਿਖੇ ਹੀ ਹੋਵੇਗਾ। ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਬਲਵੰਤ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਇਕ-ਇਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਰਾਜੋਆਣਾ ਦੇ ਪਰਿਵਾਰ ਵਿਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ ( ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਜ਼ਿੰਦਾ ਬਚੇ ਹਨ।