ਵਿਜੀਲੈਂਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਕਾਬੂ
ਫ਼ਿਰੋਜ਼ਪੁਰ, 9 ਨਵੰਬਰ (ਲਖਵਿੰਦਰ ਸਿੰਘ) - ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਵਿਚ ਸਾਲ 2018-19 ’ਚ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧ ਵਿਚ ਮਾਈਨਿੰਗ ਮਹਿਕਮੇ ਦੇ ਤਤਕਾਲੀ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵੀ ਸਾਜਿਸ਼ ਰਚਣ ਅਤੇ ਭ੍ਰਿਸ਼ਟਾਚਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਸ਼ਿਕਾਇਤ ਦੀ ਗਹਿਨ ਪੜਤਾਲ ਉਪਰੰਤ ਮਾਈਨਿੰਗ ਤੇ ਮਿਨਰਲਜ ਕਾਨੂੰਨ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਠੇਕੇਦਾਰ ਮਹਾਂਵੀਰ ਸਿੰਘ ਪ੍ਰਾਈਮਵਿਜਨ ਕੰਪਨੀ ਅਤੇ ਉਸ ਸਮੇਂ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀ ਬਤੌਰ ਮੁਲਜ਼ਮ ਸ਼ਾਮਿਲ ਹਨ।