ਫਿਲੌਰ ਨੈਸ਼ਨਲ ਹਾਈਵੇਅ ’ਤੇ ਵਾਪਰੇ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਫਿਲੌਰ, (ਕਪੂਰਥਲਾ), 1 ਮਈ- ਅੱਜ ਫਿਲੌਰ ਨੈਸ਼ਨਲ ਹਾਈਵੇਅ ’ਤੇ ਇਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਫਾਸਟ ਟੈਕ ਦੀ ਕਨੌਪੀ ਨੈਸ਼ਨਲ ਹਾਈਵੇ ’ਤੇ ਲਗਾਉਂਦਾ ਸੀ ਤੇ ਇੰਨੇ ਨੂੰ ਇਕ ਬਲੈਰੋ ਗੱਡੀ ਵਾਲਾ ਇਸ ਤੋਂ ਆਪਣਾ ਫਾਸਟ ਟੈਗ ਰੀਚਾਰਜ ਕਰਾਉਣ ਨੂੰ ਰੁਕਿਆ ਤਾਂ ਪਿੱਛੋਂ ਆਉਂਦੇ 407 ਨੇ ਉਸ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ 407 ਦਾ ਡਰਾਈਵਰ ਫੋਨ ’ਤੇ ਗੱਲ ਕਰ ਰਿਹਾ ਸੀ, ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਸ.ਐਫ਼. ਦੇ ਇੰਚਾਰਜ ਨੇ ਦੱਸਿਆ ਹੈ ਕਿ ਇਕ ਵਿਅਕਤੀ ਦੀ ਇਸ ਵਿਚ ਦਰਦਨਾਕ ਮੌਤ ਹੋ ਗਈ ਹੈ, ਜਿਸ ਦੀ ਮ੍ਰਿਤਕ ਦੇਹ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਬਲੈਰੋ ਗੱਡੀ ਵਾਲਾ ਵੀ ਗੰਭੀਰ ਰੂਪ ਜ਼ਖਮੀ ਹੋ ਗਿਆ ਹੈ, ਜੋ ਫਿਲੌਰ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਹੈ ਕਿ 407 ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।