ਹਾਈ ਕੋਰਟ ਦੇ ਆਦੇਸ਼ 'ਤੇ ਪਠਾਨਕੋਟ ਦਾ ਨਗਰ ਸੁਧਾਰ ਟਰੱਸਟ ਦਾ ਦਫਤਰ ਸੀਲ

ਪਠਾਨਕੋਟ, 1 ਮਈ (ਵਿਨੋਦ)-ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਚਲਦੇ ਪਠਾਨਕੋਟ ਦੇ ਨਗਰ ਸੁਧਾਰ ਟਰੱਸਟ ਦੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਕੰਵਰਦੀਪ ਸਿੰਘ ਵਰਸ਼ਸ ਹਰਦੀਪ ਸਿੰਘ ਦਾ ਕੇਸ ਚੱਲ ਰਿਹਾ ਸੀ, ਜਿਸ ਦੇ ਚਲਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਪਠਾਨਕੋਟ ਦੇ ਨਗਰ ਸੁਧਾਰ ਟਰੱਸਟ ਨੂੰ 30 ਅਪ੍ਰੈਲ 2025 ਤਕ ਸੀਲ ਕਰਨ ਦੇ ਹੁਕਮ ਦਿੱਤੇ ਸਨ ਜੋ ਕਿ ਐਸ.ਐਸ.ਪੀ. ਪਠਾਨਕੋਟ ਨੂੰ ਮਿਲੇ ਹਨ, ਜਿਸ ਤੋਂ ਬਾਅਦ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਰਣਦੀਪ ਸਿੰਘ ਦੀ ਹਾਜ਼ਰੀ ਵਿਚ ਨਗਰ ਸੁਧਾਰ ਟਰੱਸਟ ਪਠਾਨਕੋਟ ਦਾ ਦਫਤਰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਥੇ ਇਕ ਸੁਰੱਖਿਆ ਕਰਮਚਾਰੀ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਇਸ ਦਫਤਰ ਦੇ ਅੰਦਰ ਨਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਰਟ ਦੀ ਪਰਮਿਸ਼ਨ ਤੋਂ ਬਗੈਰ ਕੋਈ ਵੀ ਇਸ ਦਫਤਰ ਅੰਦਰ ਨਹੀਂ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਕੰਮਾਂ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੋਈ ਵੱਖਰੇ ਤੌਰ ਉਤੇ ਇੰਤਜ਼ਾਮ ਕਰਨਗੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਐਸ.ਡੀ.ਓ. ਵਿਪਿਨ ਕੁਮਾਰ, ਐਸ. ਐਚ. ਓ. ਡਵੀਜ਼ਨ ਨੰਬਰ ਦੋ ਮਨਦੀਪ ਸਲਗੋਤਰਾ ਵੀ ਮੌਜੂਦ ਸਨ।