ਨੀਟ ਪ੍ਰੀਖਿਆ ਦੌਰਾਨ ਬੱਚੇ ਬਟੂਆ, ਘੜੀ, ਬੈਲਟ ਨਹੀਂ ਲਿਜਾ ਸਕਣਗੇ ਪ੍ਰੀਖਿਆ ਕੇਂਦਰ
.webp)
ਅੰਮ੍ਰਿਤਸਰ, 3 ਮਈ (ਰੇਸ਼ਮ ਸਿੰਘ)-ਕੱਲ੍ਹ ਚਾਰ ਮਈ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਸਪੱਸ਼ਟ ਕੀਤਾ ਕਿ ਪ੍ਰੀਖਿਆ ਦੇ ਨਿਯਮ ਅਨੁਸਾਰ ਬੱਚੇ ਪ੍ਰੀਖਿਆ ਕੇਂਦਰ ਅੰਦਰ 10 ਵਜੇ ਤੋਂ ਲੈ ਕੇ ਦੁਪਹਿਰ ਡੇਢ ਵਜੇ ਤੱਕ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੱਚੇ ਕੇਵਲ ਪ੍ਰੀਖਿਆ ਦੇ ਦਾਖਲਾ ਕਾਰਡ ਤੋਂ ਇਲਾਵਾ ਸ਼ਨਾਖ਼ਤੀ ਕਾਰਡ ਵਜੋਂ ਪੈਨ ਕਾਰਡ, ਪਾਸਪੋਰਟ, ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਵਿਦਿਆਰਥੀਆਂ ਦੇ ਸਕੂਲ ਦਾ ਸ਼ਨਾਖਤੀ ਕਾਰਡ, ਵਿਚੋਂ ਕਿਸੇ ਇਕ ਨੂੰ ਨਾਲ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੇਵਲ ਪਾਰਦਰਸ਼ੀ ਪਾਣੀ ਦੀ ਬੋਤਲ ਬੱਚਾ ਨਾਲ ਲਿਜਾ ਸਕੇਗਾ। ਉਨ੍ਹਾਂ ਨੀਟ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਪ੍ਰਿੰਟਡ ਮਟੀਰੀਅਲ, ਕੋਈ ਕਿਤਾਬ, ਨੋਟਿਸ, ਕਾਗਜ਼, ਪੈਂਸਲ ਬਾਕਸ, ਯੂਮੈਟਰੀ, ਪਲਾਸਟਿਕ ਪਾਊਚ, ਪੈਨਸਿਲ, ਸਕੇਲ, ਲੌਂਗ ਟੇਬਲ, ਅਰੇਜ਼ਰ, ਕੈਲਕੂਲੇਟਰ, ਕਾਰਡ ਬੋਰਡ, ਪੈਨ ਡਰਾਈਵ, ਕਰੈਡਿਟ ਜਾਂ ਡੈਬਿਟ ਕਾਰਡ, ਇਲੈਕਟਰੋਨਿਕ ਪੈਨ, ਮੋਬਾਈਲ, ਈਅਰਫੋਨ, ਮਾਈਕਰੋਫੋਨ, ਪੇਪਰ ਹੈਲਥ ਬੈਂਡ, ਸਪੀਕਰ, ਹੈੱਡਫੋਨ, ਪੇਜਰ, ਬਲੂਟੁੱਥ ਡਿਵਾਈਸ, ਘੜੀ, ਸਮਾਰਟ ਵਾਚ, ਬਟੂਆ, ਕੈਮਰਾ, ਗੋਗਲਜ਼, ਗਹਿਣੇ, ਹੇਅਰ ਬੈਂਡ, ਬੈਲਟ, ਟੋਪੀ ਸਕਾਰਫ਼ ਜਾਂ ਖਾਣ ਪੀਣ ਦੀ ਕੋਈ ਵੀ ਵਸਤੂ ਪ੍ਰੀਖਿਆ ਕੇਂਦਰ ਦੇ ਅੰਦਰ ਨਹੀਂ ਲਿਜਾ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰੀਖਿਆਰਥੀ ਇਨ੍ਹਾਂ ਵਸਤੂਆਂ ਸਮੇਤ ਪ੍ਰੀਖਿਆ ਕੇਂਦਰ ਅੰਦਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।