ਹਿੰਦੁਸਤਾਨ ਕੋਲ ਮੋਦੀ ਦੇ ਰੂਪ ਵਿਚ ਮਜ਼ਬੂਤ ਲੀਡਰਸ਼ਿਪ ਮੌਜੂਦ-ਮਨਪ੍ਰੀਤ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ , 11 ਮਈ (ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ) - ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰ ਮੰਡਲ ਨਾਲ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੁਸਤਾਨ ਕੋਲ ਮੋਦੀ ਦੇ ਰੂਪ ਵਿਚ ਮਜ਼ਬੂਤ ਲੀਡਰਸ਼ਿਪ ਮੌਜੂਦ ਹੈ। ਜਿਨ੍ਹਾਂ ਨੇ ਮੌਜੂਦਾ ਹਾਲਾਤ ਵਿਚ ਦੇਸ਼ ਦੀ ਵਧੀਆ ਅਗਵਾਈ ਕੀਤੀ ਅਤੇ ਦੁਸ਼ਮਣਾਂ ਦੇ ਨਾਪਾਕ ਇਰਾਦਿਆਂ ਨੂੰ ਅਸਫਲ ਬਣਾ ਦਿੱਤਾ। ਇਸ ਤੋਂ ਇਲਾਵਾ ਪਹਿਲਗਾਮ ਵਿਚ ਨਿਰਦੋਸ਼ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲਾ ਕਰਕੇ ਸਬਕ ਸਿਖਾਇਆ। ਉਨ੍ਹਾਂ ਬਹਾਦਰ ਫੌਜੀਆਂ ਨੂੰ ਸਲਾਮ ਕਰਦਿਆਂ ਕਿਹਾ ਕਿ ਜੰਗ ਦਾ ਵਿਰਾਮ ਹੋ ਗਿਆ ਹੈ ਪਰ ਭਾਰਤ ਨੇ ਸ਼ਰਤਾਂ ਤਹਿਤ ਜੰਗਬੰਦੀ ਕੀਤੀ ਹੈ। ਜੇਕਰ ਫਿਰ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਇਹ ਕਿਹਾ ਹੈ ਕਿ ਇਸ ਨੂੰ ਜੰਗ ਦਾ ਐਲਾਨ ਹੀ ਸਮਝਿਆ ਜਾਵੇ। ਇਸ ਮੌਕੇ ਸ਼ਹਿਰ ਦੇ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।