ਤਰਨਤਾਰਨ ਪੁਲਿਸ ਨੇ 85 ਕਿੱਲੋ ਹੈਰੋਇਨ ਕੀਤੀ ਬਰਾਮਦ

ਚੰਡੀਗੜ੍ਹ/ਤਰਨਤਾਰਨ, 16 ਮਈ (ਹਰਿੰਦਰ ਸਿੰਘ)- ਡੀ.ਜੀ.ਪੀ. ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2025 ਦੀਆਂ ਸਭ ਤੋਂ ਵੱਡੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤਹਿਤ ਤਰਨਤਾਰਨ ਪੁਲਿਸ ਨੇ ਯੂ.ਕੇ. ਆਧਾਰਤ ਡਰੱਗ ਹੈਂਡਲਰ ਲਾਲੀ ਦੁਆਰਾ ਸੰਚਾਲਿਤ ਇਕ ਸਰਹੱਦ ਪਾਰ, ਆਈ.ਐਸ.ਆਈ. ਨਿਯੰਤਰਿਤ ਪਾਕਿਸਤਾਨ ਅਧਾਰਤ ਨਾਰਕੋ-ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਉਸ ਦੇ ਭਾਰਤ-ਅਧਾਰਤ ਆਪਰੇਟਿਵ, ਅਮਰਜੋਤ ਸਿੰਘ ਉਰਫ ਜੋਟਾ ਸੰਧੂ, ਵਾਸੀ ਪਿੰਡ ਭਿੱਟੇਵਾੜ, ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਅਤੇ 85 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰਜੋਤ ਸਰਹੱਦ ਪਾਰ ਤਸਕਰਾਂ ਤੋਂ ਖੇਪਾਂ ਪ੍ਰਾਪਤ ਕਰ ਰਿਹਾ ਸੀ ਅਤੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਤੇ ਪਿਛਲੇ ਅਤੇ ਅੱਗਲੇ ਦੇ ਸੰਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਤਰਨ ਤਾਰਨ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨ ਤਰਨ ਪੁਲਿਸ ਨੇ ਪਿਛਲੇ ਦਿਨੀਂ ਅਮਰਜੋਤ ਸਿੰਘ ਜੋਤਾ ਵਾਸੀ ਭਿੱਟੇਵਿੰਡ ਜ਼ਿਲ੍ਹਾ ਅੰਮ੍ਰਿਤਸਰ ਨੂੰ ਪੰਜ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਅਮਰਜੋਤ ਸਿੰਘ ਜੋਤਾ ਕੋਲੋਂ ਰਿਮਾਂਡ ਦੌਰਾਨ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ 80 ਕਿਲੋ ਹੈਰੋਇਨ ਹੋਰ ਬਰਾਮਦ ਹੋਈ। ਜੋ ਉਸ ਨੇ ਲੁਕੋ ਕੇ ਰੱਖੀ ਹੋਈ ਸੀ। ਇਸ ਸੰਬੰਧੀ ਪੂਰੇ ਵੇਰਵਿਆਂ ਦੀ ਜਾਣਕਾਰੀ ਐਸ.ਐਸ.ਪੀ. ਅਭਿਮਨਿਓ ਰਾਣਾ ਵਲੋਂ ਅੱਜ ਸ਼ਾਮੀ 3 ਵਜੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।