ਹਿਮਾਚਲ: ਪੰਡੋਹ ਡੈਮ ’ਚ ਵੱਧ ਰਿਹੈ ਪਾਣੀ ਦਾ ਪੱਧਰ, ਅਧਿਕਾਰੀਆਂ ਨੇ ਲੋਕਾਂ ਨੂੰ ਉਥੇ ਨਾ ਜਾਣ ਦੀ ਕੀਤੀ ਅਪੀਲ

ਸ਼ਿਮਲਾ, 19 ਮਈ- ਮੰਡੀ ਜ਼ਿਲ੍ਹੇ ਦੇ ਪੰਡੋਹ ਡੈਮ ਦੇ ਅਧਿਕਾਰੀਆਂ ਨੇ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਬਿਆਸ ਦਰਿਆ ਦੇ ਕੰਢਿਆਂ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ, ਕਿਉਂਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਡੈਮ ਦੀ ਸੁਰੱਖਿਆ ਦਾ ਪਤਾ ਲਗਾਇਆ ਜਾ ਰਿਹਾ ਹੈ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਉਦੈਪੁਰ ਸਬ-ਡਿਵੀਜ਼ਨ ਵਿਚ ਅਚਾਨਕ ਹੜ੍ਹਾਂ ਨੇ ਸੰਸਾਰੀ-ਕਿੱਲਰ-ਟਿੰਡੀ-ਥਿਰੋਟ ਸੜਕ ਨੂੰ ਬੰਦ ਕਰ ਦਿੱਤਾ ਹੈ। ਪੁਲਿਸ ਨੇ ਲੋਕਾਂ ਨੂੰ ਇਸ ਸੜਕ ’ਤੇ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਸਥਾਨਕ ਮੌਸਮ ਵਿਭਾਗ ਨੇ ਅੱਜ ਊਨਾ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਦੂਰ-ਦੁਰਾਡੇ ਥਾਵਾਂ ’ਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਿਜਲੀ, ਗੜੇਮਾਰੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨੇ ਬਿਲਾਪਸੁਰ, ਮੰਡੀ, ਕੁੱਲੂ, ਹਮੀਰਪੁਰ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ ’ਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਸ਼ਿਮਲਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।