ਪਿੰਡ ਥਾਬਲਕੇ ਨੇੜੇ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਆਵਾਜਾਈ ਭਰਪੂਰ ਜੰਡਿਆਲਾ-ਜਲੰਧਰ ਮੁੱਖ ਮਾਰਗ ਤੋਂ ਕੁਝ ਦੂਰੀ ਉਤੇ ਪਿੰਡ ਥਾਬਲਕੇ ਨੇੜੇ ਇਕ ਮੋਟਰਸਾਈਕਲ ਸਵਾਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੋਟਰਸਾਈਕਲ ਚਾਲਕ ਦਾ ਮੋਟਰਸਾਈਕਲ ਥਾਬਲਕੇ ਨੂੰ ਜਾਂਦੀ ਸੰਪਰਕ ਸੜਕ ਨਾਲ ਹੀ ਕੱਚੇ ਰਾਹ ਵਿਚ ਸੁੱਟਿਆ ਗਿਆ ਸੀ। ਨੇੜੇ ਹੀ ਇਕ ਟੁੱਟਾ ਕਹੀ ਦਾ ਬੈਂਹਾਂ ਪਿਆ ਸੀ। ਬੇਰਹਿਮੀ ਨਾਲ ਕੱਟ ਵੱਢ ਕੀਤੇ ਵਿਅਕਤੀ ਸਬੰਧੀ ਉਸ ਨੂੰ ਲੈ ਕੇ ਗਏ ਐਂਬੂਲੈਂਸ ਚਾਲਕ ਨਰਿੰਦਰ ਸਿੰਘ ਈ.ਐਮ.ਟੀ. ਬਲਰਾਜ ਸਿੰਘ ਨੇ ਦੱਸਿਆ ਕਿ ਸਵੇਰੇ ਸਵਾ ਛੇ ਵਜੇ ਦੇ ਕਰੀਬ ਸਾਨੂੰ ਕਾਲ ਆਉਣ ਉਤੇ ਜਦੋਂ ਅਸੀਂ ਉਕਤ ਵਿਅਕਤੀ ਨੂੰ ਚੁੱਕਿਆ ਤਾਂ ਉਸਦੇ ਸਾਹ ਚਲਦੇ ਸੀ। ਨੂਰਮਹਿਲ ਹਸਪਤਾਲ ਲਿਜਾਣ ਉਤੇ ਉਸਦੀ ਹਾਲਾਤ ਨੂੰ ਦੇਖਦੇ ਜਦੋਂ ਜਲੰਧਰ ਜਾਣ ਲਈ ਰੈਫਰ ਕੀਤਾ ਗਿਆ ਤਾਂ ਉਸ ਨੇ ਦਮ ਤੋੜ ਦਿੱਤਾ। ਪੁਲਿਸ ਚੌਕੀ ਜੰਡਿਆਲਾ ਤੋਂ ਕੁਝ ਫਰਲਾਂਗ ਤੇ ਹੋਈ ਇਸ ਘਟਨਾ ਦਾ ਵਾਕਿਆ ਥਾਣਾ ਸਦਰ ਨਕੋਦਰ ਵਿਚ ਪੈਂਦਾ ਹੋਣ ਕਾਰਨ ਜਦੋਂ ਉਕਤ ਕਤਲ ਦੀ ਵਿਸਥਾਰਤ ਜਾਣਕਾਰੀ ਸਬੰਧੀ ਡੀ.ਐਸ.ਪੀ. ਨਕੋਦਰ ਸੁਖਪਾਲ ਸਿੰਘ ਹੁਰਾਂ ਨਾਲ ਸਬੰਧ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇੰਤਜ਼ਾਰ ਕਰੋ, ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।