ਲੁਧਿਆਣਾ ਵਿਚ ਪਿਛਲੇ 15 ਘੰਟੇ ਤੋਂ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ

ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ) - ਬੀਤੀ ਰਾਤ ਲੁਧਿਆਣਾ ਸ਼ਹਿਰ ਵਿਚ ਆਈ ਹਨ੍ਹੇਰੀ ਅਤੇ ਤੇਜ਼ ਝੱਖੜ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਅਤੇ ਪਿਛਲੇ 15 ਘੰਟੇ ਤੋਂ ਲੁਧਿਆਣਾ ਤੇ ਜ਼ਿਆਦਾਤਰ ਇਲਾਕਿਆਂ ਵਿਚ ਬਿਜਲੀ ਅਤੇ ਪਾਣੀ ਸਪਲਾਈ ਬੰਦ ਹੈ ਜਦਕਿ ਪਾਵਰ ਕਾਮ ਦੇ ਅਧਿਕਾਰੀ ਵੀ ਬਿਜਲੀ ਸਪਲਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਹੱਥ ਖੜੇ ਕਰ ਰਹੇ ਹਨ। ਬਿਜਲੀ ਸਪਲਾਈ ਨਾ ਹੋਣ ਕਾਰਨ ਸ਼ਹਿਰ ਵਿਚ ਹਾਹਾਕਾਰ ਮਚੀ ਹੋਈ ਹੈ। ਪਾਵਰ ਕਾਮ ਦੇ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਵੀ ਇਨਕਾਰ ਕਰ ਰਹੇ ਹਨ। ਪਾਵਰ ਕਾਮ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਉਨ੍ਹਾਂ ਦੀ ਕੋਸ਼ਿਸ਼ ਜਾਰੀ ਹੈ, ਪਰ ਫਿਰ ਵੀ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗ ਸਕਦਾ ਹੈ।