ਆਪ੍ਰੇਸ਼ਨ ਸੰਧੂਰ ਭਾਰਤ ਦੇ ਇਤਿਹਾਸ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ- ਪ੍ਰਧਾਨ ਮੰਤਰੀ

ਭੋਪਾਲ, 31 ਮਈ- ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ ਇਹ ਕਹਿ ਕੇ ਸ਼ੁਰੂ ਕੀਤਾ ਕਿ ਸਭ ਤੋਂ ਪਹਿਲਾਂ ਮੈਂ ਭਾਰਤ ਦੀ ਮਾਤ ਸ਼ਕਤੀ, ਮਾਂ ਭਾਰਤੀ ਨੂੰ ਨਮਨ ਕਰਦਾ ਹਾਂ। ਅੱਜ ਇੰਨੀ ਵੱਡੀ ਗਿਣਤੀ ਵਿਚ ਮਾਵਾਂ-ਭੈਣਾਂ-ਧੀਆਂ ਸਾਨੂੰ ਆਸ਼ੀਰਵਾਦ ਦੇਣ ਲਈ ਇੱਥੇ ਆਈਆਂ ਹਨ। ਮੈਨੂੰ ਤੁਹਾਡੇ ਸਾਰੀਆਂ ਭੈਣਾਂ ਦੇ ਦਰਸ਼ਨ ਕਰਕੇ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ਹੈ। ਇਹ 140 ਕਰੋੜ ਭਾਰਤੀਆਂ ਲਈ ਪ੍ਰੇਰਨਾ ਦਾ ਮੌਕਾ ਹੈ। ਦੇਵੀ ਅਹਿਲਿਆ ਕਹਿੰਦੀ ਸੀ ਕਿ ਸ਼ਾਸਨ ਦਾ ਅਸਲ ਅਰਥ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਅੱਜ ਦਾ ਪ੍ਰੋਗਰਾਮ ਉਨ੍ਹਾਂ ਦੀ ਸੋਚ ਨੂੰ ਅੱਗੇ ਲੈ ਜਾਂਦਾ ਹੈ। ਅੱਜ ਇੰਦੌਰ ਮੈਟਰੋ ਸ਼ੁਰੂ ਹੋ ਗਈ ਹੈ, ਦਤੀਆ ਅਤੇ ਸਤਨਾ ਨੂੰ ਹਵਾਈ ਸੇਵਾ ਨਾਲ ਜੋੜਿਆ ਗਿਆ ਹੈ। ਇਹ ਪ੍ਰੋਜੈਕਟ ਵਿਕਾਸ ਨੂੰ ਤੇਜ਼ ਕਰਨਗੇ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ, ਪੂਰੇ ਸੰਸਦ ਮੈਂਬਰਾਂ ਨੂੰ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਵਧਾਈ ਦਿੰਦਾ ਹਾਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਚੁਣੌਤੀ ਦਿੱਤੀ ਹੈ। ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੋਲੀਆਂ ਦਾ ਜਵਾਬ ਗੋਲਿਆਂ ਨਾਲ ਦਿੱਤਾ ਜਾਵੇਗਾ। ਸੰਧੂਰ ਭਾਰਤ ਦੀ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ। ਮੋਦੀ ਨੇ ਕਿਹਾ ਕਿ ਅੱਤਵਾਦੀਆਂ ਨੇ ਔਰਤਾਂ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ ਸੀ। ਇਹ ਚੁਣੌਤੀ ਉਨ੍ਹਾਂ ਅਤੇ ਉਨ੍ਹਾਂ ਦੇ ਮਾਲਕਾਂ ਲਈ ਘਾਤਕ ਸਾਬਤ ਹੋਈ। ਸਾਡੀ ਫੌਜ ਸੈਂਕੜੇ ਕਿਲੋਮੀਟਰ ਦੂਰ ਦੁਸ਼ਮਣ ਦੇ ਘਰ ਵਿਚ ਦਾਖਲ ਹੋਈ ਅਤੇ ਉਨ੍ਹਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਆਪ੍ਰੇਸ਼ਨ ਸੰਧੂਰ ਭਾਰਤ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸਫ਼ਲ ਆਪ੍ਰੇਸ਼ਨ ਹੈ। ਪ੍ਰਧਾਨ ਮੰਤਰੀ ਨੇ ਭੋਪਾਲ ਵਿਚ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ’ਤੇ ਆਯੋਜਿਤ ਮਹਿਲਾ ਸਸ਼ਕਤੀਕਰਨ ਮਹਾਂ ਸੰਮੇਲਨ ਵਿਚ ਕਿਹਾ ਕਿ ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ, ਇਹ ਨਾਮ ਸੁਣ ਕੇ ਹੀ ਮਨ ਸ਼ਰਧਾ ਨਾਲ ਭਰ ਜਾਂਦਾ ਹੈ। ਉਨ੍ਹਾਂ ਦੀ ਮਹਾਨ ਸ਼ਖਸੀਅਤ ਬਾਰੇ ਗੱਲ ਕਰਨ ਲਈ ਸ਼ਬਦ ਘੱਟ ਜਾਂਦੇ ਹਨ।