ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ 'ਚ ਕੀਤੀ ਮੌਕ ਡਰਿੱਲ

ਫਾਜ਼ਿਲਕਾ, 31 ਮਈ (ਪ੍ਰਦੀਪ ਕੁਮਾਰ)-ਆਪਰੇਸ਼ਨ ਸ਼ੀਲਡ ਤਹਿਤ ਫਾਜ਼ਿਲਕਾ ਵਿਖੇ ਅੱਜ ਹਵਾਈ ਹਮਲੇ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਪ੍ਰਭਾਵਿਤ ਲੋਕਾਂ ਦੀ ਦੇਖਭਾਲ ਦੇ ਵਿਸ਼ੇ 'ਤੇ ਇਕ ਮੌਕ ਡਰਿੱਲ ਕੀਤੀ ਗਈ। ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮੌਕ ਡਰਿਲ ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਦੀ ਦੇਖ-ਰੇਖ ਹੇਠ ਹੋਈ। ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹਿਲਾਂ ਸਿਵਲ ਡਿਫੈਂਸ ਦੀ ਟੀਮ ਵਲੋਂ ਸਮੂਹ ਭਾਗੀਦਾਰਾਂ ਨੂੰ ਹਵਾਈ ਹਮਲੇ ਤੋਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਇਸ ਪ੍ਰਕਿਰਿਆ ਦਾ ਡੈਮੋ ਕਰਕੇ ਵਿਖਾਇਆ ਗਿਆ। ਠੀਕ 6 ਵਜੇ ਹਵਾਈ ਹਮਲੇ ਦੇ ਖਤਰੇ ਦਾ ਸਾਇਰਨ ਵੱਜਿਆ ਅਤੇ ਉਸ ਤੋਂ ਬਾਅਦ ਇਹ ਅਭਿਆਸ ਕੀਤਾ ਗਿਆ, ਜਿਸ ਵਿਚ ਪਹਿਲੇ ਅਭਿਆਸ ਵਿਚ ਦਿਖਾਇਆ ਗਿਆ ਕਿ ਜੋ ਲੋਕ ਧਰਤੀ ਉਤੇ ਲੇਟ ਗਏ ਜਾਂ ਸੁਰੱਖਿਅਤ ਥਾਵਾਂ ਉਤੇ ਚਲੇ ਗਏ, ਉਹ ਬਚ ਗਏ ਅਤੇ ਜਿਨ੍ਹਾਂ ਨੇ ਸੁਰੱਖਿਆ ਉਪਾਅ ਦੀ ਪਾਲਣਾ ਨਹੀਂ ਕੀਤੀ, ਉਹ ਪ੍ਰਭਾਵਿਤ ਹੋਏ। ਉਸ ਤੋਂ ਬਾਅਦ ਇਸ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਦਾ ਅਭਿਆਸ ਕੀਤਾ ਗਿਆ।