ਤਰਨਤਾਰਨ ਪੁਲਿਸ ਨੇ ਪਾਕਿ ਨਾਲ ਭਾਰਤੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ’ਚ ਇਕ ਨੌਜਵਾਨ ਕੀਤਾ ਕਾਬੂ

ਚੰਡੀਗੜ੍ਹ, 3 ਜੂਨ- ਕਾਊਂਟਰ-ਇੰਟੈਲੀਜੈਂਸ-ਪੰਜਾਬ ਤਰਨਤਾਰਨ ਪੁਲਿਸ ਤੋਂ ਮਿਲੀ ਜਾਣਕਾਰੀ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਇਕ ਸਾਂਝੇ ਅਭਿਆਨ ਵਿਚ ਮੁਹੱਲਾ ਰੋਡੂਪੁਰ, ਗਲੀ ਨਜ਼ਰ ਸਿੰਘ ਵਾਲੀ, ਤਰਨਤਾਰਨ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਆਪ੍ਰੇਸ਼ਨ ਸੰਧੂਰ ਦੌਰਾਨ ਫੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਦੇ ਹੋਏ ਪਾਕਿਸਤਾਨ ਆਈ.ਐਸ.ਆਈ. ਅਤੇ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿਚ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਫੌਜੀਆਂ ਦੀ ਤਾਇਨਾਤੀ ਅਤੇ ਰਣਨੀਤਕ ਸਥਾਨਾਂ ਸਮੇਤ ਵਰਗੀਕ੍ਰਿਤ ਵੇਰਵੇ ਸਾਂਝੇ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗਗਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿਚ ਸੀ, ਜਿਸ ਰਾਹੀਂ ਉਸ ਨੂੰ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਜ਼ (ਪੀਆਈਓਜ਼) ਨਾਲ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਸ ਪਾਸੋਂ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਖੁਫੀਆ ਜਾਣਕਾਰੀ ਸੀ, ਜੋ ਉਸਨੇ ਪੀ.ਆਈ.ਓਜ਼ ਨਾਲ ਸਾਂਝੀ ਕੀਤੀ ਸੀ, ਨਾਲ ਹੀ 20 ਤੋਂ ਵੱਧ ਆਈ.ਐਸ.ਆਈ. ਸੰਪਰਕਾਂ ਦੇ ਵੇਰਵੇ ਵੀ ਸਨ। ਉਨ੍ਹਾਂ ਕਿਹਾ ਕਿ ਇਸ ਜਾਸੂਸੀ ਨੈੱਟਵਰਕ ਦੇ ਪੂਰੇ ਦਾਇਰੇ ਨੂੰ ਸਥਾਪਤ ਕਰਨ ਅਤੇ ਹੋਰ ਸੰਬੰਧਾਂ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਿਟੀ ਵਿਖੇ ਸਰਕਾਰੀ ਭੇਦ ਐਕਟ ਦੇ ਤਹਿਤ ਇਕ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਅਤੇ ਹੋਰ ਜਾਂਚ ਜਾਰੀ ਹੈ।