ਆਸਟ੍ਰੇਲੀਆ ਦੇ ਵਿਕਟੋਰੀਆ ਤੋਂ MP ਲੀ ਤਰਲਾਮਿਸ, ਬੋਲੰਦਾ, ਪੌਲਾਇਨ ਰਿਚਰਡ ਤੇ ਸ਼ੀਨਾ ਦਰਬਾਰ ਸਾਹਿਬ ਨਤਮਸਤਕ

ਅੰਮ੍ਰਿਤਸਰ, 4 ਜੂਨ-ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਮੈਂਬਰ ਪਾਰਲੀਮੈਂਟ ਲੀ ਤਰਲਾਮਿਸ, ਬੋਲੰਦਾ ਵਿਲਸਨ, ਪੌਲਾਇਨ ਰਿਚਰਡ ਅਤੇ ਸ਼ੀਨਾ ਵਾਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਸ੍ਰੀ ਦਰਬਾਰ ਸਾਹਿਬ ਪਹੁੰਚਣ ਉਤੇ ਇਨ੍ਹਾਂ ਸਾਰੇ ਮੈਂਬਰਾਂ ਦਾ ਸਹਿ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਸਵਾਗਤ ਕੀਤਾ। ਇਨ੍ਹਾਂ ਮੈਂਬਰਾਂ ਨੂੰ ਸਿੱਖ ਧਰਮ, ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਸਿਧਾਂਤਾਂ ਬਾਰੇ ਸ. ਰਣਧੀਰ ਸਿੰਘ ਨੇ ਦੱਸਿਆ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਸਾਰੇ ਮੈਂਬਰ ਪਾਰਲੀਮੈਂਟ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਵੀ ਗਏ ਜਿਥੇ ਉਨ੍ਹਾਂ ਪੰਗਤ ਤੇ ਸੰਗਤ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸਟ੍ਰੇਲੀਆ ਦੀ ਮੈਂਬਰ ਪਾਰਲੀਮੈਂਟ ਲੀ ਤਰਲਾਮਿਸ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿਚ ਸਿੱਖ ਵਸੋਂ ਅਤੇ ਗੁਰੂ ਘਰ ਬਹੁਗਿਣਤੀ ਵਿਚ ਹਨ। ਪੂਰੇ ਦੇਸ਼ ਵਿਚ ਸਿੱਖਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਸਿੱਖ ਭਾਈਚਾਰਾ ਅਮਨ ਕਾਨੂੰਨ ਦੀ ਪਾਲਣਾ ਕਰਨ ਵਾਲਾ ਹੈ ਤੇ ਇਨ੍ਹਾਂ ਭਾਈਚਾਰਕ ਸਾਂਝ ਹਮੇਸ਼ਾ ਬਰਕਰਾਰ ਰੱਖੀ।
ਲੰਘੀਆਂ ਚੋਣਾਂ ਵਿਚ ਸਿੱਖਾਂ ਨੇ ਬਹੁਤ ਸ਼ਾਂਤ ਢੰਗ ਨਾਲ ਵੋਟਾਂ ਵਿਚ ਭਾਗ ਲਿਆ। ਦੇਸ਼ ਦੀ ਤਰੱਕੀ ਲਈ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਕੋਰੋਨਾ ਕਾਲ ਵਿਚ ਅਤੇ ਹੜ੍ਹਾਂ ਦੀ ਸਥਿਤੀ ਵਿਚ ਸਿੱਖਾਂ ਨੇ ਲੰਗਰ ਲਗਾ ਕੇ ਆਪਣੇ ਗੁਰੂ ਦੀ ਪ੍ਰੰਪਰਾ ਉਤੇ ਨਾ ਸਿਰਫ ਪਹਿਰਾ ਦਿੱਤਾ ਬਲਕਿ ਦੁਨੀਆ ਨੂੰ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਦਿਖਾਇਆ। ਇਸ ਮੌਕੇ ਸਹਿ ਸੂਚਨਾ ਅਧਿਕਾਰੀ ਸ. ਰਣਧੀਰ ਸਿੰਘ ਤੇ ਗਾਈਡ ਜਤਿੰਦਰਿਪਾਲ ਸਿੰਘ ਨੇ ਆਏ ਮੈਂਬਰਾਂ ਨੂੰ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ।