ਕਾਰ ਅਤੇ ਆਟੋ ਦੀ ਟੱਕਰ ਦੌਰਾਨ ਇਕ ਲੜਕੀ ਦੀ ਮੌਤ

ਭੁਲੱਥ, (ਕਪੂਰਥਲਾ), 6 ਜੂਨ (ਮਨਜੀਤ ਸਿੰਘ ਰਤਨ)- ਇਥੋਂ ਨਜ਼ਦੀਕੀ ਪਿੰਡ ਰਾਮਗੜ੍ਹ ਦੇ ਕੋਲ ਕਾਰ ਅਤੇ ਆਟੋ ਦੀ ਹੋਈ ਟੱਕਰ ਦੌਰਾਨ ਕਾਰ ਵਿਚ ਸਵਾਰ ਇਕ ਲੜਕੀ ਦੀ ਮੌਤ ਹੋ ਗਈ ਅਤੇ ਆਟੋ ਚਾਲਕ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਆਟੋ, ਜੋ ਕਿ ਕਰਤਾਰਪੁਰ ਤੋਂ ਭੁਲੱਥ ਸਾਈਡ ਵੱਲ ਜਾ ਰਿਹਾ ਸੀ, ਜਦੋਂ ਪਿੰਡ ਰਾਮਗੜ੍ਹ ਦੇ ਨਜ਼ਦੀਕ ਪਹੁੰਚਿਆ ਤਾਂ ਭੁਲੱਥ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ, ਜਿਸ ਨਾਲ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਜਲੰਧਰ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ, ਜਦ ਕਿ ਕਾਰ ਵਿਚ ਸਵਾਰ ਇਕ ਲੜਕੀ ਜੋ ਕਿ ਭੁਲੱਥ ਦੇ ਇਕ ਬੈਂਕ ਵਿਚ ਕੰਮ ਕਰਦੀ ਸੀ, ਨੂੰ ਵੀ ਜ਼ਖਮੀ ਹੋਣ ’ਤੇ ਜਲੰਧਰ ਹਸਪਤਾਲ ਲਿਜਾਇਆ ਗਿਆ, ਜਿਥੇ ਲੜਕੀ ਨੂੰ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦਿੱਤਾ ਗਿਆ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।