ਸਿਆਸਤ 'ਚ ਆ ਕੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਵਾਂਗਾ - ਵਰਿੰਦਰ ਸਿੰਘ ਘੁੰਮਣ

ਜਲੰਧਰ, 6 ਜੂਨ-ਅੰਤਰਰਾਸ਼ਟਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਕੱਲ੍ਹ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ 2027 ਵਿਚ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਪੋਸਟ ਵਿਚ ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਕਿਸੇ ਪਾਰਟੀ ਵਲੋਂ ਚੋਣ ਲੜਨੀ ਚਾਹੀਦੀ ਹੈ ਜਾਂ ਆਜ਼ਾਦ ਉਮੀਦਵਾਰ ਵਜੋਂ। ਅੱਜ ਘੁੰਮਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਫੈਸਲੇ ਦੀ ਪੁਸ਼ਟੀ ਕੀਤੀ ਹੈ। ਘੁੰਮਣ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਮਿੱਟੀ ਤੋਂ ਉੱਠ ਕੇ ਬਾਡੀ ਬਿਲਡਿੰਗ ਦੀ ਦੁਨੀਆ ਵਿਚ ਰਿਕਾਰਡ ਬਣਾਏ ਹਨ। ਉਹ ਕਿਸੇ ਰਾਜਨੀਤਿਕ ਪਿਛੋਕੜ ਤੋਂ ਨਹੀਂ ਹਨ ਪਰ ਉਹ ਰਾਜਨੀਤੀ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨੇੜਿਓਂ ਜਾਣਦੇ ਹਨ। ਉਹ ਸਾਕਾਰਾਤਮਕ ਸੋਚ ਨਾਲ ਰਾਜਨੀਤੀ ਵਿਚ ਕਦਮ ਰੱਖਣ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਹਿਯੋਗ ਮੰਗਿਆ ਹੈ। ਵਰਿੰਦਰ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਜਿਹੇ ਮੁੱਦੇ ਹਨ ਜਿਨ੍ਹਾਂ ਬਾਰੇ ਸਿਰਫ਼ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਮੁੱਦੇ ਹੱਲ ਨਹੀਂ ਹੋ ਰਹੇ। ਸਰਕਾਰਾਂ ਆਉਂਦੀਆਂ ਹਨ ਅਤੇ ਬਦਲਦੀਆਂ ਹਨ ਪਰ ਮੁੱਦੇ ਉਹੀ ਰਹਿੰਦੇ ਹਨ।