ਐਚ.ਪੀ.ਸੀ.ਐਲ. ਮਿੱਤਲ ਐਨਰਜੀ ਲਿਮ. ਨੇ ਵਿਸ਼ਵ ਵਾਤਾਵਰਣ ਦਿਵਸ 'ਤੇ 11,000 ਤੋਂ ਵੱਧ ਬੂਟੇ ਲਗਾਏ

ਰਾਮਾ ਮੰਡੀ (ਬਠਿੰਡਾ), 5 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਐਚ.ਪੀ.ਸੀ.ਐਲ. ਮਿੱਤਲ ਐਨਰਜੀ ਲਿਮਟਿਡ (ਐਚ.ਐਮ.ਈ.ਐਲ.) ਨੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮਾਂ ਅਤੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਦਾ ਆਯੋਜਨ ਕਰਕੇ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ, ਟਾਊਨਸ਼ਿਪ ਖੇਤਰ, ਪਾਈਪ ਲਾਈਨ ਪੰਪ ਸਟੇਸ਼ਨਾਂ ਅਤੇ ਨੇੜਲੇ ਪਿੰਡਾਂ ਨੇ ਸਾਂਝੇ ਤੌਰ 'ਤੇ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣ ਲਈ ਬੂਟੇ ਲਗਾਏ। ਇਸ ਮੁਹਿੰਮ ਦੀ ਸ਼ੁਰੂਆਤ ਐਚ.ਐਮ.ਈ.ਐਲ. ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਸ਼੍ਰੀ ਐਮ.ਬੀ. ਗੋਹਿਲ ਨੇ ਰਿਫਾਇਨਰੀ ਕੰਪਲੈਕਸ ਵਿਚ ਬੂਟੇ ਲਗਾ ਕੇ ਕੀਤੀ। ਇਸ ਮੁਹਿੰਮ ਤਹਿਤ ਰਿਫਾਇਨਰੀ ਵਿਚ ਵੱਖ-ਵੱਖ ਕਿਸਮਾਂ ਦੇ 100 ਤੋਂ ਵੱਧ, ਟਾਊਨਸ਼ਿਪ ਖੇਤਰ ਵਿਚ 100 ਅਤੇ ਪਾਈਪਲਾਈਨ ਜ਼ੋਨ ਵਿਚ 845 ਤੋਂ ਵੱਧ ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤ ਨਾਲ ਜੁੜਨਾ ਸਵੱਛ ਅਤੇ ਸਿਹਤਮੰਦ ਜੀਵਨ ਦੀ ਨੀਂਹ ਹੈ। ਸਾਨੂੰ ਸਾਰਿਆਂ ਨੂੰ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕੇ।
ਐਚ.ਐਮ.ਈ.ਐਲ. ਦੇ ਸੀਨੀਅਰ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਥਾਨਕ ਭਾਈਚਾਰਿਆਂ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਇਸ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸ੍ਰੀ ਅੰਸ਼ੂ ਸ਼ਰਮਾ (ਵਾਈਸ ਪ੍ਰੈਜ਼ੀਡੈਂਟ, ਪੈਟਕੇਮ ਆਪਰੇਸ਼ਨਜ਼), ਸ੍ਰੀ ਅਰੁਣ ਭਾਰਦਵਾਜ (ਵਾਈਸ ਪ੍ਰੈਜ਼ੀਡੈਂਟ, ਆਪਰੇਸ਼ਨ ਐਕਸੀਲੈਂਸ), ਸ੍ਰੀ ਦਵਿੰਦਰ ਮਿੱਤਲ (ਵਾਈਸ ਪ੍ਰੈਜ਼ੀਡੈਂਟ, ਰਿਫਾਇਨਰੀ ਆਪਰੇਸ਼ਨਜ਼) ਅਤੇ ਸ੍ਰੀ ਅਤੁਲ ਸਕਸੈਨਾ (ਵਾਈਸ ਪ੍ਰੈਜ਼ੀਡੈਂਟ, ਟੈਕਨੀਕਲ ਸਰਵਿਸਿਜ਼) ਵੀ ਹਾਜ਼ਰ ਸਨ। ਰਿਫਾਇਨਰੀ ਦੇ ਨਾਲ ਲੱਗਦੇ ਪਿੰਡਾਂ ਵਿਚ ਟਾਊਨਸ਼ਿਪ ਖੇਤਰ ਵਿਚ ਰਹਿਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਬੂਟੇ ਵੀ ਲਗਾਏ ਗਏ। ਐਚ.ਐਮ.ਈ.ਐਲ. ਦੀ ਸੀ.ਐਸ.ਆਰ. ਟੀਮ ਨੇ ਸਥਾਨਕ ਗ੍ਰਾਮ ਪੰਚਾਇਤਾਂ ਨਾਲ ਮਿਲ ਕੇ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਿਜਾਇਆ।