ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤੇ ਮੰਤਰੀ ਖੁੱਡੀਆਂ ਨੇ ਖੇਤੀ ਮਸ਼ੀਨਰੀ ਕੰਪਨੀ ਲੈਂਡਫੋਰਸ ਦਾ ਕੀਤਾ ਦੌਰਾ

ਅਮਰਗੜ੍ਹ, 5 ਜੂਨ (ਜਤਿੰਦਰ ਮੰਨਵੀ,ਪਵਿੱਤਰ ਸਿੰਘ)-ਕਿਰਸਾਨੀ ਲਈ ਆਧੁਨਿਕ ਤਕਨੀਕ ਨਾਲ ਖੇਤੀਬਾੜੀ ਮਸ਼ੀਨਰੀ ਦਾ ਨਿਰਮਾਣ ਕਰਨ ਵਾਲੀ ਪੰਜਾਬ ਦੀ ਨਾਮੀ ਕੰਪਨੀ ਲੈਂਡਫੋਰਸ ਲਾਂਗੜੀਆਂ ਦਸਮੇਸ਼ ਮਕੈਨੀਕਲ ਵਰਕਸ ਅਮਰਗੜ੍ਹ ਅਮਰਗੜ੍ਹ ਵਿਖੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਚੇਚੇ ਤੌਰ ਉਤੇ ਪਹੁੰਚ ਕੇ ਜਿਥੇ ਅਤਿ-ਆਧੁਨਿਕ ਤਕਨੀਕ ਅਤੇ ਨਵੀਨਤਾਕਾਰੀ ਖੇਤੀ ਸੰਦਾਂ ਦਾ ਜਾਇਜ਼ਾ ਲਿਆ, ਉਥੇ ਹੀ ਕਿਸਾਨਾਂ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ। ਲੈਂਡਫੋਰਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸਵਰਨਜੀਤ ਸਿੰਘ, ਮਲਕੀਤ ਸਿੰਘ ਅਤੇ ਸਰਬਜੀਤ ਸਿੰਘ ਡਾਇਰੈਕਟਰ ਲੈਂਡਫੋਰਸ ਉਪ ਚੇਅਰਮੈਨ ਏ.ਐਮ.ਐਮ.ਏ. ਇੰਡੀਆ ਵਲੋਂ ਦੋਵੇਂ ਮੰਤਰੀਆਂ ਨੂੰ ਗੁਲਦਸਤਾ ਭੇਟ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਅਮਰਗੜ੍ਹ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਦੋਵੇਂ ਮੰਤਰੀਆਂ ਨੇ ਕਿਸਾਨਾਂ ਦੀ ਸਹੂਲਤ ਲਈ ਆਧੁਨਿਕ ਮਸ਼ੀਨਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪਨੇਸ਼ਰ ਭਰਾਵਾਂ ਸਮੇਤ ਕੰਪਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਸਰਕਾਰ ਖੇਤੀ ਨੂੰ ਸਮੇਂ ਦੀ ਮੰਗ ਅਨੁਸਾਰ ਸਸ਼ਕਤ ਕਰਨ ਲਈ ਵਚਨਬੱਧ ਹੈ। ਅਜਿਹੀਆਂ ਕੰਪਨੀਆਂ ਦੀਆਂ ਨਵੀਨਤਾਕਾਰੀ ਮਸ਼ੀਨਾਂ ਕਿਸਾਨਾਂ ਦੀ ਮਿਹਨਤ ਨੂੰ ਸੌਖਾ ਕਰਨ ਦੇ ਨਾਲ-ਨਾਲ ਲਾਗਤ ਘਟਾਉਣ ਅਤੇ ਉਤਪਾਦਕਤਾ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਖੇਤੀ ਸੈਕਟਰ ਵਿਚ ਸਵਦੇਸ਼ੀ ਤਕਨੀਕ ਅਤੇ ਨਿਰੰਤਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੇ ਬਦਲਦੇ ਵਾਤਾਵਰਣ ਮੁਤਾਬਕ ਫਸਲਾਂ ਦੇ ਬੀਜ ਤਿਆਰ ਕਰਨ ਵਾਸਤੇ ਖੇਤੀ ਖੋਜ ਅਤੇ ਸਿੱਖਿਆ ਵਿਭਾਗ ਨੂੰ ਨਵੀਆਂ ਤਕਨੀਕਾਂ ਅਤੇ ਵਿਗਿਆਨਕ ਢੰਗਾਂ ਨੂੰ ਅਪਣਾਉਣ ਦੀ ਲੋੜ ਹੈ। ਉੱਧਰ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕੰਪਨੀ ਦੇ ਸਥਾਨਕ ਨਿਰਮਾਣ ਅਤੇ ਟਿਕਾਊ ਤਕਨੀਕ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਉੱਦਮ ਕਿਸਾਨਾਂ ਦੀ ਆਰਥਿਕ ਸੁਰੱਖਿਆ ਅਤੇ ਖੇਤੀ ਸੈਕਟਰ ਦੀ ਤਰੱਕੀ ਦਾ ਆਧਾਰ ਹਨ। ਇਸ ਦੌਰੇ ਦੌਰਾਨ ਕੰਪਨੀ ਨੇ ਆਪਣੀਆਂ ਨਵੀਨਤਮ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ, ਜੋ ਕਿਸਾਨਾਂ ਨੂੰ ਸਮੇਂ ਅਤੇ ਸਰੋਤਾਂ ਦੀ ਬੱਚਤ ਕਰਨ ਵਿਚ ਸਹਾਇਕ ਹੋਣਗੀਆਂ। ਮੰਤਰੀਆਂ ਨੇ ਕੰਪਨੀ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨ ਅਤੇ ਕਿਸਾਨਾਂ ਤੱਕ ਇਹ ਸੰਦ ਪਹੁੰਚਾਉਣ ਦੀ ਅਪੀਲ ਕੀਤੀ।
ਸਮਾਗਮ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋ. ਡਾ.ਐਚ.ਐਸ. ਸਿੱਧੂ, ਸਾਬਕਾ ਖੇਤੀਬਾੜੀ ਕਮਿਸ਼ਨਰ ਪੰਜਾਬ ਡਾਕਟਰ ਬੀ.ਐਸ. ਸਿੱਧੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਖੇਤੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਮੰਗੀ ਲਾਲ ਜਾਟ ਨੇ ਕਿਸਾਨਾਂ ਨਾਲ ਖੇਤੀਬਾੜੀ ਸਬੰਧੀ ਕਈ ਤਰ੍ਹਾਂ ਦੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਉੱਘੇ ਉਦਯੋਗਪਤੀ ਹਰੀ ਸਿੰਘ ਨਾਭਾ, ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਸ਼ਿਆਮਕਰਨ ਤਿੜਕੇ, ਐਸ.ਐਸ.ਪੀ. ਗਗਨ ਅਜੀਤ ਸਿੰਘ ਮਾਲੇਰਕੋਟਲਾ, ਮੈਡਮ ਸੁਰਿੰਦਰ ਕੌਰ ਐਸ.ਡੀ.ਐਮ. ਅਮਰਗੜ੍ਹ, ਲਵਦੀਪ ਸਿੰਘ ਤਹਿਸੀਲਦਾਰ ਅਮਰਗੜ੍ਹ, ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ, ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ, ਭੁਪਿੰਦਰ ਸਿੰਘ ਫੁੱਲਾਂ ਵਾਲੇ, ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ, ਸੁਖਵਿੰਦਰ ਸਿੰਘ, ਗੁਰਵੀਰ ਸਿੰਘ ਸੋਹੀ, ਸੁਖਵਿੰਦਰ ਸਿੰਘ ਸੁੱਖਾ ਸ਼ਹਿਰੀ ਪ੍ਰਧਾਨ ਆਪ ਤੇ ਜਸਮਿੰਦਰ ਸਿੰਘ ਜੱਸੀ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ।